ਲੁਧਿਆਣਾ ‘ਚ ਹੋਏ ਅਦਾਲਤੀ ਕੰਪਲੈਕਸ ਧਮਾਕਾ ਕਾਂਡ ਦੀਆਂ ਪਰਤਾਂ ਲਗਾਤਾਰ ਖੁੱਲ੍ਹਦੀਆਂ ਜਾ ਰਹੀਆਂ ਹਨ। ਹੁਣ ਏਜੰਸੀਆਂ ਇਹ ਜਾਂਚ ਕਰਨ ਵਿੱਚ ਲੱਗੀਆਂ ਹਨ ਕਿ ਗਗਨਦੀਪ ਸਿੰਘ ਨੂੰ ਧਮਾਕੇਬਾਜ਼ ਸਮੱਗਰੀ ਕਿਸਨੇ ਦਿੱਤੀ? ਉਸਨੂੰ ਬੰਬ ਚਲਾਉਣ ਦੀ ਟ੍ਰੇਨਿੰਗ ਕਿੱਥੇ ਅਤੇ ਕਿਸਨੇ ਦਿੱਤੀ ? ਸਤੰਬਰ ਮਹੀਨੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗਗਨਦੀਪ ਸਿੰਘ ਕਿਸ ਦੇ ਕੋਲ ਤੇ ਕਦੋਂ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਗਗਨਦੀਪ ਸਿੰਘ, ਉਸਦੀ ਪਤਨੀ ਤੇ ਭਰਾ ਦੇ ਖਾਤੇ ਵਿੱਚ ਧਮਾਕੇ ਤੋਂ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਕੁਝ ਫੰਡ ਵੀ ਆਏ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਤਿੰਨਾਂ ਦੇ ਖਾਤਿਆਂ ‘ਚ ਆਇਆ ਫੰਡ ਜਰਮਨੀ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਇਆ ਹੈ। ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਰਣਜੀਤ ਬਾਬਾ ਤੇ ਸੁਖਜਿੰਦਰ ਬਾਕਸਰ ਤੋਂ ਕਈ ਟੀਮਾਂ ਨੇ ਪੁੱਛ-ਪੜਤਾਲ ਕੀਤੀ। ਧਮਾਕੇ ਤੋਂ ਬਾਅਦ ਹੁਣ ਪੁਲਿਸ ਕਮਿਸ਼ਨਰ ਦਫ਼ਤਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਐੱਨਆਈਏ ਤੇ ਪੰਜਾਬ ਪੁਲਿਸ ਨੂੰ ਮਿਲੀ ਧਮਕੀ
ਇਸ ਮਾਮਲੇ ਸੰਬੰਧੀ ਹੁਣ ਸਿੱਖਸ ਫਾਰ ਜਸਟਿਸ ਨੇ ਐੱਨਆਈਏ ਤੇ ਪੰਜਾਬ ਪੁਲਿਸ ਨੂੰ ਧਮਕੀ ਭਰੇ ਮੈਸੇਜ ਭੇਜੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਚੀਤਾ ਤੇ ਬਾਕਸਰ ਦੀ ਕੁੱਟਮਾਰ ਕੀਤੀ ਗਈ ਤਾਂ ਐਸਐਫਜੇ ਇਸ ਮਾਮਲੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲੈ ਕੇ ਜਾਏਗਾ। ਜਾਣਕਾਰੀ ਮੁਤਾਬਿਕ ਲੁਧਿਆਣਾ ਬੰਬ ਧਮਾਕੇ ਦੇ ਤਾਰ ਜੇਲ੍ਹ ਵਿੱਚ ਬੰਦ ਮੁਲਜ਼ਮ ਸੁਖਵਿੰਦਰ ਸਿੰਘ ਬਾਕਸਰ ਤੇ ਰਣਜੀਤ ਸਿੰਘ ਬਾਬਾ ਉਰਫ਼ ਚੀਤਾ ਦੇ ਨਾਲ ਜੁੜੇ ਹੋਏ ਸਨ। ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਦੋਵਾਂ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ।