ਭਗਤਾ ਭਾਈ : ਸਥਾਨਕ ਸ਼ਹਿਰ ਨਜ਼ਦੀਕ ਪਿੰਡ ਜਲਾਲ ਵਿਖੇ ਇੱਕ ਨੌਜਵਾਨ ਨੂੰ ਘਰੇ ਬੁਲਾ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਮੰਦਰ ਸਿੰਘ ਉਰਫ ਮੰਦਰ ਪੁੱਤਰ ਉਜਾਗਰ ਸਿੰਘ ਵਾਸੀ ਜਲਾਲ ਕੁੱਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ। ਜਿਸ ਨੂੰ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਗੋਲੀ ਮਾਰ ਦਿੱਤੀ ਗਈ। ਉਹ ਇੱਕ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਸਬੰਧੀ ਥਾਣਾ ਦਿਆਲਪੁਰਾ ਐਂਟ ਭਗਤਾ ਭਾਈ ਦੇ ਐਸਐਚਓ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਮੰਦਰ ਸਿੰਘ ਉਰਫ ਮੰਦਰ ਵਾਸੀ ਜਲਾਲ ਨੇ ਬਿਆਨ ਦਰਜ਼ ਕਰਵਾਇਆ ਕਿ ਤਨਵੀਰ ਉਰਫ਼ ਤੇਜ਼ਾ ਵਾਸੀ ਜਲਾਲ ਨੇ ਉਸ ਨੂੰ ਫੋਨ ਕਰਕੇ ਆਪਣੇ ਘਰੇ ਬੁਲਾਇਆ। ਜਦ ਉਹ ਉਸ ਦੇ ਘਰ ਗਿਆ ਤਾਂ ਉਹ ਸ਼ਰਾਬ ਪੀ ਰਿਹਾ ਸੀ।
ਸੁਖਮੰਦਰ ਸਿੰਘ ਨੂੰ ਪੈੱਗ ਲਾਉਣ ਲਈ ਕਿਹਾ ਇਸ ਦੌਰਾਨ ਉਸਨੇ ਆਪਣੇ ਲੜਕੇ ਤੋਂ ਰਿਵਾਲਵਰ ਮੰਗਵਾ ਲਿਆ ਤੇ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ। ਸੁਖਮੰਦਰ ਸਿੰਘ ਪੇਟ ਵਿਚ ਗੋਲੀ ਲੱਗਣ ਕਾਰਨ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੋਸ਼ੀ ਤਨਵੀਰ ਉਰਫ਼ ਤੇਜ਼ਾ ਖਾਨ ਅਧੀਨ ਧਾਰਾ 307 ਅਤੇ 25,27,54,59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ।