ਮਲੋਟ: 27 ਸਾਲਾਂ ਨੌਜਵਾਨ ਕਿਸਾਨ ਵਲੋਂ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੇ ਖੇਤ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਦੇਗਾ ਸਿੰਘ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨੀਪਾਲ ਸਿੰਘ ਦੇ ਕੋਲ 6 ਕਿੱਲੇ ਜ਼ਮੀਨ ਸੀ ਜੋ ਸੇਮ ਵਿਚ ਹੈ, ਜਿਸ ਕਾਰਨ ਉਹ ਪਸ਼ੂਆਂ ਦਾ ਧੰਦਾ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ, ਜਿਸ ਵਿਚੋਂ ਉਸ ਨੂੰ ਬਹੁਤ ਘਾਟਾ ਪਿਆ ਸੀ। ਉਨ੍ਹਾਂ ਦੱਸਿਆ ਕਿ ਉਸ ਵਲੋਂ ਬੈਂਕ ਤੋਂ ਲਿਆ ਕਰਜ਼ਾ ਵੀ ਲੋਕਾਂ ਕੋਲੋਂ ਪੈਸੇ ਲੈ ਕੇ ਉਤਾਰਿਆ, ਪ੍ਰੰਤੂ ਬੈਂਕ ਦਾ ਕਰਜ਼ਾ ਉਤਾਰਣ ਤੋਂ ਬਾਅਦ ਬੈਂਕ ਵਲੋਂ ਮੁੜ ਉਸ ਨੂੰ ਕਰਜ਼ਾ ਨਹੀਂ ਦਿੱਤਾ ਗਿਆ ਅਤੇ ਉਸ ਵਲੋਂ ਲੋਕਾਂ ਦਾ ਬਹੁਤ ਕਰਜ਼ਾ ਦੇਣਾ ਸੀ।
ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਵਲੋਂ ਉਸ ਨੂੰ ਜ਼ਮੀਨ ’ਤੇ ਮੁਆਵਜ਼ਾ ਦਿੱਤਾ ਜਾਂਦਾ ਸੀ, ਪ੍ਰੰਤੂ ਪਿਛਲੇ ਚਾਰ ਸਾਲਾਂ ਤੋਂ ਉਸ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਕਿਸੇ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਇਹਨਾ ਦਾ ਕਰਜਾ ਮੁਆਫ਼ੀ ਵਿੱਚ ਵੀ ਨਾਮ ਨਹੀਂ ਸੀ। ਜਿਸ ਕਾਰਨ ਉਹ ਹਮੇਸ਼ਾਂ ਪ੍ਰੇਸ਼ਾਨੀ ਵਿਚ ਰਹਿੰਦਾ ਅਤੇ ਉਸ ਵਲੋਂ ਖੇਤ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਸਰਕਾਰ ਤੋਂ ਕਿਸਾਨ ਦੇ ਪਰਿਵਾਰ ਦੀ ਆਰਥਿਕ ਮੱਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣਾ ਕਰਜ਼ਾ ਉਤਾਰ ਸਕਣ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ 174 ਦੇ ਤਹਿਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।