45 years old died: ਝਗੜੇ ਦੇ ਮਾਮਲੇ ‘ਚ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ‘ਤੇ ਫ਼ਿਰੋਜ਼ਪੁਰ ਸ਼ਹਿਰ ਦੀ ਸੋਕੜ ਨਹਿਰ ਵਾਸੀ 45 ਸਾਲਾ ਜਗਸੀਰ ਨਾਮੀ ਵਿਅਕਤੀ ਦੀ ਅੱਜ ਮੌਤ ਹੋ ਗਈ। ਜਿਸ ਤੋਂ ਭੜਕੇ ਉਸ ਦੇ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਚ ਰੱਖ ਕੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਬਰਾਂ ਕਿਹਾ ਕਿ ਕਰੀਬ ਡੇਢ ਮਹੀਨਾ ਪਹਿਲਾ ਮ੍ਰਿਤਕ ਜਗਸੀਰ ਦੇ ਲੜਕੇ ਰਾਹੁਲ ਦੀ ਕੁਝ ਬੰਦਿਆ ਵੱਲੋਂ ਕੁੱਟ ਮਾਰ ਕੀਤੀ ਗਈ ਜਿਸ ਸਬੰਧੀ ਰਾਹੁਲ ਦੇ ਬਿਆਨਾਂ ਤੇ ਥਾਣਾ ਸਿਟੀ ਚ ਪਰਚਾ ਵੀ ਦਰਜ ਹੈ।
ਪਰਿਵਾਰਕ ਮੈਬਰਾਂ ਵੱਲੋਂ ਪੁਲਿਸ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਏਐੱਸਆਈ ਰਮਨ ਕੁਮਾਰ ਪਿਛਲੇ ਡੇਢ ਮਹੀਨੇ ਤੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਜਿਸ ਕਾਰਨ ਜਗਸੀਰ ਟੈਨਸ਼ਨ ‘ਚ ਰਹਿਣ ਲੱਗ ਪਿਆ ਤੇ ਅੱਜ ਫਿਰ ਉਕਤ ਥਾਣੇਦਾਰ ਵੱਲੋਂ ਜਗਸੀਰ ਨੂੰ ਪ੍ਰੇਸ਼ਾਨ ਕੀਤਾ ਗਿਆ। ਜਿਸ ਕਾਰਨ ਜਗਸੀਰ ਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਦਾ ਕਹਿਣਾ ਸੀ ਕਿ ਜਿੰਨਾ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਇਸੇ ਤਰ੍ਹਾਂ ਚੌਂਕ ‘ਚ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਮੁਖੀ ਮਨੋਜ ਕੁਮਾਰ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਪਰਿਵਾਰ ਵਾਲੇ ਤਰੁੰਤ ਕਾਰਵਾਈ ਕਰਨ ‘ਤੇ ਅੜੇ ਰਹੇ। ਪਰਿਵਾਰ ਵੱਲੋਂ ਲਾਸ ਨੂੰ ਡੀ ਫ੍ਰੀਜਰ ‘ਚ ਰੱਖ ਕੇ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਜਾ ਰਿਹਾ ਹੈ।