ਸ਼੍ਰੋਮਣੀ ਅਕਾਲੀ ਦਲ ਵੱਲੋਂ ਉਲੀਕੇ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਰਾਏਕੋਟ ਵਿਖੇ ਪਾਵਰਕਾਮ ਐਕਸੀਅਨ ਦਫਤਰ ਅੱਗੇ ਅਕਾਲੀ-ਬਸਪਾ ਗੱਠਜੋੜ ਵੱਲੋਂ ਬਲਵਿੰਦਰ ਸਿੰਘ ਸੰਧੂ ਇੰਚਾਰਜ ਅਕਾਲੀ ਦਲ ਅਤੇ ਰਾਝਾਂ ਸਿੰਘ ਪ੍ਰਧਾਨ ਬਸਪਾ ਦੀ ਅਗਵਾਈ ਹੇਠ ਬਿਜਲੀ ਕੱਟਾਂ ਖਿਲਾਫ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ 10-11 ਦਿਨਾਂ ਤੋਂ ਪਾਵਰਕਾਮ ਵਲੋਂ ਕਈ-ਕਈ ਘੰਟਿਆਂ ਦੇ ਲਗਾਏ ਜਾਂਦੇ ਪਾਵਰਕੱਟਾਂ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਬੀਜਣ ਪੱਖੋਂ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਬਿਜਲੀ ਦੀ ਸਹੀ ਸਪਲਾਈ ਨਾ ਮਿਲਣ ਕਰਕੇ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਪਾਵਰਕਾਮ ਨੇ ਘਰੇਲ਼ੂ ਸਪਲਾਈ ਲਈ ਵੀ ਪਾਵਰਕੱਟ ਲਗਾ ਦਿੱਤੇ ਹਨ,ਜਿਸ ਕਰਕੇ ਲੋਕਾਂ ਦਾ ਗਰਮੀ ਦੇ ਮੌਸਮ ਵਿੱਚ ਜਿਉਣਾ ਦੁੱਭਰ ਹੋ ਚੁੱਕਿਆ ਹੈ।
ਉਨ੍ਹਾਂ ਕੈਪਟਨ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਪਾਵਰਕੱਟ ਬੰਦ ਕਰਕੇ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆਂ ਕਰਵਾਈ ਜਾਵੇ ਅਤੇ ਘਰੇਲੂ ਪਾਵਰਕੱਟ ਵੀ ਬੰਦ ਕੀਤੇ ਜਾਣ। ਇਸ ਮੌਕੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ,ਅਮਨਦੀਪ ਸਿੰਘ ਗਿੱਲ, ਗੁਰਸ਼ਰਨ ਸਿੰਘ ਬੜੂੰਦੀ, ਕੁਲਵਿੰਦਰ ਸਿੰਘ ਭੱਟੀ, ਯਸਪਾਲ ਜੈਨ, ਨਛੱਤਰ ਸਿੰਘ ਰਾਏਕੋਟ, ਸੁਖਰਾਜ ਸਿੰਘ ਮਹੇਰਨਾ, ਜਥੇਦਾਰ ਸਤਪਾਲ ਸਿੰਘ ਝੋਰੜਾਂ, ਸੁਰਿੰਦਰ ਸਿੰਘ ਪੱਪੀ ਸਪਰਾ, ਹਰਬਖਸ਼ੀਸ ਸਿੰਘ ਚੱਕ ਭਾਈਕਾ, ਰਾਂਝਾ ਸਿੰਘ ਗੋਂਦਵਾਲ ਆਦਿ ਨੇ ਸੰਬੋਧਨ ਕਰਦਿਆ ਆਖਿਆ ਕਿ ਪਾਵਰਕਾਮ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਕਿਉਂਕਿ ਕੈਪਟਨ ਸਰਕਾਰ ਦੌਰਾਨ ਪਾਵਰਕਾਮ ਬੇ-ਲਗਾਮ ਹੋ ਚੁੱਕੀ ਹੈ।