baldev singh khaira visits mandi: ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਵੱਲੋਂ ਦਾਣਾ ਮੰਡੀ ਗੁਰਾਇਆ ਦਾ ਦੌਰਾ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਬਜਟ ਸ਼ੈਸ਼ਨ ਦੌਰਾਨ ਕਿਹਾ ਸੀ ਕਿ ਸਰਕਾਰ ਵਲੋਂ ਕਣਕ ਦੀ ਫਸਲ ਨੂੰ ਲੈ ਕੇ ਮੰਡੀਆ ਅੰਦਰ ਪੁਖਤਾ ਪ੍ਰਬੰਧ ਕੀਤੇ ਹਨ, ਪਰ ਸਰਕਾਰ ਇਸ ਵਿੱਚ ਫੇਲ ਸਾਬਿਤ ਹੋਈ ਹੈ, ਕਿਉਕਿ ਅੱਜ ਸੂਬੇ ਭਰ ਦੀਆ ਮੰਡੀਆ ਅੰਦਰ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਮੰਡੀਆ ਅੰਦਰ ਕਣਕ ਦੇ ਅੰਬਾਰ ਲੱਗੇ ਹੋਏ ਹਨ। ਜਿਸ ਵਿੱਚ ਕਾਂਗਰਸ ਸਰਕਾਰ ਦੀ ਨਿਲਾਇਕੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੇਕਰ ਆਪਣੇ ਮਹਿਲ ਤੋਂ ਬਾਹਰ ਨਿਕਲਣਗੇ ਤਾਂ ਹੀ ਉਨ੍ਹਾਂ ਨੂੰ ਕਿਸਾਨਾਂ ਦਾ ਦਰਦ ਅਤੇ ਮੰਡੀਆ ਵਿੱਚ ਪੇਸ਼ ਆ ਰਹੀਆ ਮੁਸ਼ਕਿਲਾ ਬਾਰੇ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਖਤ ਐਕਸ਼ਨ ਲੈ ਕੇ ਮੰਡੀਆ ਵਿੱਚ ਲਿਫਟਿੰਗ ਦਾ ਕੰਮ ਸ਼ੁਰੂ ਕਰਵਾਉਣ ਚਾਹੀਦਾ ਹੈ ਤਾਂ ਜੋ ਕਣਕ ਦੀ ਫਸਲ ਦੀ ਸੰਭਾਲ ਕੀਤੀ ਜਾ ਸਕੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਆਗੂ ਹਰਜਿੰਦਰ ਸਿੰਘ ਲੱਲੀ ਨੇ ਕਿਹਾ ਕਿ ਆਪਣੇ ਹੱਕਾ ਵਾਸਤੇ ਕਿਸਾਨ ਜਿਥੇ ਦਿੱਲੀ ਵਿਖੇ ਸੰਘਰਸ਼ ਕਰ ਰਿਹਾ, ਉਥੇ ਹੀ ਪੰਜਾਬ ਸਰਕਾਰ ਵਲੋਂ ਕਿਸਾਨਾ ਨੂੰ ਮੰਡੀਆ ਅੰਦਰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਅਤੇ ਆੜਤੀਆ ਦੀ ਬਾਂਹ ਫੜੇ ਤਾਂ ਜੋ ਕਿਸਾਨਾ ਅਤੇ ਆੜਤੀਆ ਦਾ ਕੋਈ ਨੁਕਸਾਨ ਨਾ ਹੋਵੇ। ਇਸ ਸਬੰਧੀ ਜਦ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਰਕੇ ਕਿਸਾਨਾ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ, ਕਿਉਕਿ ਜਿਨੀ ਫਸਲ ਮੰਡੀ ਅੰਦਰ ਪਈ ਹੈ, ਉਸ ਤੋ ਜ਼ਿਆਦਾ ਫਸਲ ਅਜੇ ਕਿਸਾਨਾ ਦੇ ਘਰ ਵਿੱਚ ਵੱਢੀ ਪਈ ਹੈ।
ਇਸ ਸਬੰਧੀ ਆੜਤੀਆ ਦਾ ਕਹਿਣਾ ਹੈ ਕਿ ਉਨ੍ਹਾਂ ਮਹਿੰਗੇ ਭਾਅ ਨਾਲ ਬਾਰਦਾਨੇ ਦੀ ਖ੍ਰੀਦ ਕੀਤੀ ਹੈ, ਇਸ ਦੇ ਬਾਵਜੂਦ ਵੀ ਮੰਡੀ ਅੰਦਰੋ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੌਸਮ ਖਰਾਬ ਹੋਣ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਵੇਗਾ। ਇਸ ਸਬੰਧੀ ਮਾਰਕਿਟ ਕਮੇਟੀ ਗੁਰਾਇਆ ਦੇ ਚੇਅਰਮੈਨ ਦਾਰਾ ਸਿੰਘ ਰਾਏ ਨੇ ਕਿਹਾ ਕਿ ਮਾਰਕਫੈਡ ਵਲੋਂ 3 ਲੱਖ ਬੋਰੀ ਭਰੀ ਗਈ ਹੈ, ਜਿਸ ਵਿੱਚੋਂ ਡੇਢ ਲੱਖ ਬੋਰੀ ਦੀ ਲਿਫਟਿੰਗ ਹੋ ਚੁੱਕੀ ਹੈ, ਮਾਰਕਫੈਡ ਵਲੋਂ ਢਾਈ ਲੱਖ ਬੋਰੀ ਮੰਡੀ ਦੀ ਸ਼ੈਡ ਅੰਦਰ ਹੀ ਸਟੋਰ ਕੀਤੀ ਜਾਂਦੀ ਹੈ, ਜਿਸ ਹੌਲੀ ਹੌਲੀ ਗੁਦਾਮ ਵਿੱਚ ਲਜਾਇਆ ਜਾਂਦਾ ਹੈ। ਪਨਗ੍ਰੇਨ ਵਲੋਂ 25 ਹਜ਼ਾਰ ਕੁਇੰਟਲ ਖ੍ਰੀਦ ਵਿੱਚ 20 ਹਜ਼ਾਰ ਕੁਇੰਟਲ ਦੀ ਲਿਫਟਿੰਗ ਹੋ ਚੁੱਕੀ ਹੈ। ਐਫ.ਸੀ.ਆਈ ਵਲੋਂ 58 ਹਜ਼ਾਰ ਬੋਰੀ ਭਰ ਗਈ ਹੈ, ਜਿਸ ਵਿੱਚੋ 32 ਹਜ਼ਾਰ ਬੋਰੀ ਦੀ ਲਿਫਟਿੰਗ ਹੋ ਚੁੱਕੀ ਹੈ।