corona patient died ludhiana: ਲੁਧਿਆਣਾ ‘ਚ ਹਰ ਰੋਜ਼ ਕੋਰੋਨਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹੇ ‘ਚ 70 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ 70 ਸਾਲਾ ਬਜ਼ੁਰਗ ਜੋਗਿੰਦਰ ਸਿੰਘ 19 ਜੂਨ ਨੂੰ ਐੱਸ.ਪੀ.ਐੱਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਇਹ ਮ੍ਰਿਤਕ ਜ਼ਿਲੇ ਦੇ ਸ਼ਿਵਪੁਰੀ ਦਾ ਰਹਿਣ ਵਾਲਾ ਸੀ। ਦੱਸਿਆ ਜਾਂਦਾ ਹੈ ਕਿ ਜ਼ਿਲੇ ‘ਚ ਹੁਣ ਤੱਕ 561 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਹੁਣ ਤੱਕ 15 ਮੌਤਾਂ ਹੋ ਚੁੱਕੀਆਂ ਹਨ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ਜ਼ਿਲ੍ਹੇ ‘ਚ ਹੁਣ ਤੱਕ 24955 ਸੈਂਪਲ ਲਏ ਗਏ ਹਨ, ਜਿਨ੍ਹਾਂ ‘ਚੋਂ 23834 ਦੀ ਰਿਪੋਰਟ ਮਿਲ ਚੁੱਕੀ ਹੈ। ਇਨ੍ਹਾਂ ‘ਚੋਂ 23117 ਨੈਗੇਟਿਵ ਜਦਕਿ 1121 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਮੌਜੂਦਾ ਸਮੇਂ ਜ਼ਿਲ੍ਹੇ ‘ਚ 561 ਮਰੀਜ਼ ਪਾਜ਼ੇਟਿਵ ਹਨ ਜਦਕਿ 15 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ‘ਚੋਂ 156 ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਹਨ ਜਦਕਿ ਇੱਥੇ ਹੋਈਆਂ 13 ਮੌਤਾਂ ਹੋਰ ਜ਼ਿਲ੍ਹਿਆਂ ਤੋਂ ਹਨ। ਦੱਸਿਆ ਜਾਂਦਾ ਹੈ ਕਿ 21 ਜੂਨ ਤੱਕ 321 ਮਰੀਜ਼ ਠੀਕ ਹੋਣ ਤੋਂ ਬਾਅਦ ਘਰ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 11821 ਲੋਕਾਂ ਨੂੰ ਘਰਾਂ ‘ਚ ਹੋਮ ਕੁਆਰੰਟੀਨ ਕੀਤਾ ਗਿਆ ਸੀ ਜਦਕਿ ਮੌਜੂਦਾ ਸਮੇਂ ਦੌਰਾਨ 3721 ਵਿਅਕਤੀ ਕੁਆਰੰਟੀਨ ‘ਚ ਹਨ।