Coronavirus ludhiana police : ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਭਰ ‘ਚ ਕੋਰੋਨਾਵਾਇਰਸ ਨੇ ਫਿਰ ਤੋਂ ਰਫਤਾਰ ਫੜ ਲਈ ਹੈ। ਰੋਜ਼ਾਨਾ ਪੀੜਤ ਮਾਮਲਿਆਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਵੀ ਰੋਜ਼ਾਨਾ 100 ਤੋਂ ਜਿਆਦਾ ਕੋਰੋਨਾ ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦੂਜੇ ਪਾਸੇ ਕੋਰੋਨਾ ਕਾਰਨ ਵਿਗੜ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਲੁਧਿਆਣਾ ਪੁਲਿਸ ਨੇ ਵੀ ਕਮਰ ਕੱਸ ਲਈ ਹੈ ਅਤੇ ਮਾਸਕ ਪਾਉਣ, ਸੋਸ਼ਲ਼ ਡਿਸਟੈਂਸਿੰਗ ਵਰਗੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੁਲਿਸ ਨੇ ਬਿਨਾਂ ਮਾਸਕ ਤੋਂ ਚੱਲਣ ਵਾਲੇ ਵਿਅਕਤੀਆਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ‘ਚ ਤਾਇਨਾਤ ਐੱਸ.ਆਈ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਜਦਕਿ ਬਿਨ੍ਹਾਂ ਮਾਸਕ ਵਾਲੇ ਵਿਅਕਤੀਆਂ ਦੇ ਇੱਕ ਹਜ਼ਾਰ ਰੁਪਏ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਭਾਵੇਂ ਲੋਕਾਂ ਨੂੰ ਇਹ ਚਲਾਨ ਦੀ ਰਕਮ ਜ਼ਿਆਦਾ ਲਗਦੀ ਹੈ ਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਸਖ਼ਤੀ ਵੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਮਹਾਨਗਰ ‘ਚ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 31,013 ਤੱਕ ਪਹੁੰਚ ਚੁੱਕਿਆ ਹੈ, ਜਿਨ੍ਹਾਂ ‘ਚ 26,861 ਮਰੀਜ਼ ਲੁਧਿਆਣਾ ਨਾਲ ਜਦਕਿ 4152 ਮਰੀਜ਼ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਅੱਜ ਤੱਕ 28,941 ਮਰੀਜ਼ ਸਿਹਤਯਾਬੀ ਹਾਸਿਲ ਕਰ ਚੁੱਕੇ ਹਨ, ਉਨ੍ਹਾਂ ‘ਚ 25,340 ਮਰੀਜ਼ ਲੁਧਿਆਣਾ ਨਾਲ ਅਤੇ 3601 ਮਰੀਜ਼ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਸਮੁੱਚੇ ਜ਼ਿਲ੍ਹੇ ‘ਚ ਇਸ ਵੇਲੇ 546 ਕੇਸ ਐਕਟਿਵ ਹਨ, ਜਿਨ੍ਹਾਂ ‘ਚ 495 ਜ਼ਿਲ੍ਹਾ ਲੁਧਿਆਣਾ ਨਾਲ ਜਦਕਿ 51 ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਕੋਰੋਨਾ ਵਾਇਰਸ ਤੋਂ ਪੀੜ੍ਹਤਾਂ ‘ਚੋਂ ਸਿਹਤਯਾਬੀ ਹਾਸਿਲ ਕਰਨ ਵਾਲਿਆਂ ਦੀ ਦਰ 94.33 ਫ਼ੀਸਦੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 1523 ਹੀ ਹੈ, ਜਿਸ ‘ਚ 1023 ਮ੍ਰਿਤਕ ਮਰੀਜ਼ ਲੁਧਿਆਣਾ ਦੇ ਜਦਕਿ 500 ਮ੍ਰਿਤਕ ਮਰੀਜ਼ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।