Ex-serviceman commits : ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਵਿਖੇ ਬਾਬਾ ਜੀਵਨ ਨਗਰ ਦੇ ਇੱਕ ਸਾਬਕਾ ਫੌਜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਵਰਨਜੀਤ ਸਿੰਘ (40) ਪੁੱਤਰ ਜੁਗਰਾਜ ਸਿੰਘ ਵਜੋਂ ਹੋਈ ਹੈ। ਫੌਜੀ ਨੇ ਆਪਣੇ ਘਰ ‘ਚ ਹੀ ਇਸ ਖੌਫਨਾਕ ਕਾਰੇ ਨੂੰ ਅੰਜਾਮ ਦਿੱਤਾ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਸਵਰਨਜੀਤ ਸਿੰਘ ਫੌਜ ‘ਚੋਂ ਰਿਟਾਇਰ ਹੋਇਆ ਸੀ ਤੇ ਹੁਣ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ।
ਸਵਰਨਜੀਤ ਸਿੰਘ ਦੇ ਦੋ ਬੱਚੇ ਹਨ ਜੋ ਆਪਣੀ ਮਾਂ ਨਾਲ ਬਠਿੰਡਾ ਵਿਖੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਗਏ ਹੋਏ ਸਨ। ਅੱਜ ਜਦੋਂ ਉਸ ਦਾ ਭਤੀਜਾ ਰਵਿੰਦਰ ਸਿੰਘ ਸਵਰਨਜੀਤ ਸਿੰਘ ਵਾਸਤੇ ਚਾਹ ਲੈ ਕੇ ਗਿਆ ਤਾਂ ਉਸ ਨੇ ਦੇਖਿਆ ਕਿ ਕਮਰਾ ਬੰਦ ਸੀ। ਉਸ ਨੇ ਦਰਵਾਜ਼ਾ ਖੜਕਾਇਆ ਪਰ ਫੌਜੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ ਕਾਰਨ ਰਵਿੰਦਰ ਨੇ ਦਰਵਾਜੇ਼ ਉਪਰੋਂ ਛਾਲ ਮਾਰ ਦਿੱਤੀ ਤੇ ਦੇਖਿਆ ਕਿ ਸਵਰਨਜੀਤ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸਾਰੇ ਪਰਿਵਾਰਕ ਮੈਂਬਰ ਇੱਕਠੇ ਹੋ ਗਏ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਵਰਨਜੀਤ ਸਿੰਘ ਦਾ ਐਕਸੀਡੈਂਟ ਹੋਇਆ ਸੀ ਅਤੇ ਇਸ ਦੌਰਾਨ ਉਸ ਦੇ ਹੱਥ ਦੀ ਉਂਗਲੀ ਵੀ ਕੱਟੀ ਗਈ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਘਰ ‘ਚ ਕਮਾਉਣ ਵਾਲੇ ਸਿਰਫ ਉਹੀ ਇਕੋ ਮੈਂਬਰ ਸੀ, ਜਿਸ ਕਾਰਨ ਹੁਣ ਪਰਿਵਾਰਕ ਮੈਂਬਰਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਲਏ ਗਏ ਹਨ ਤੇ ਉਸ ਆਧਾਰ ‘ਤੇ ਹੁਣ ਕਾਰਵਾਈ ਕੀਤੀ ਜਾਵੇਗੀ ਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ।