Faridkot Maharaja assets : ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 25 ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਮਲੇ ’ਚ ਰਾਜਕੁਮਾਰੀ ਅੰਮ੍ਰਿਤ ਕੌਰ ਦੇ ਪੱਖ ਨਾਲ ਜੁੜੇ ਲੋਕਾਂ ਨੇ ਰਾਜਮਹੱਲ ’ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ, ਜਿਸ ਨੂੰ ਲੈ ਕੇ ਵੀਰਵਾਰ ਨੂੰ ਰਾਜਮਹੱਲ ਵਿਚ ਹੰਗਾਮਾ ਖੜ੍ਹਾ ਹੋ ਗਿਆ। ਇਹ ਦੋਸ਼ ਮਹਾਰਾਵਲ ਖੇਵਾ ਜੀ ਟਰੱਸਟ ਦੇ ਸੀਈਓ ਜੰਗੀਰ ਸਿੰਘ ਸਰਾਂ, ਜੋਕਿ ਇਸ ਜਾਇਦਾਦ ਦੀ ਨਿਗਰਾਨੀ ਕਰ ਰਹੇ ਹਨ, ਨੇ ਲਗਾਇਆ ਹੈ, ਜਿਸ ’ਤੇ ਟਰੱਸਟ ਵੱਲੋਂ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ। ਇਸ ਬਾਰੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਬਾਰੇ ਚੰਡੀਗੜ੍ਹ ਤੋਂ ਆਏ ਰਾਜਕੁਮਾਰੀ ਅੰਮ੍ਰਿਤ ਕੌਰ ਦੇ ਵਕੀਲ ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪੰਜਾਬ-ਹਰਿਆਣਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਟਰੱਸਟ ’ਤੇ ਕਾਬਿਜ਼ ਲੋਕ ਰਿਕਾਰਡ ਨੂੰ ਖੁਰਦ-ਬੁਰਦ ਕਰ ਰਹੇ ਹਨ, ਜਿਸ ਕਰਕੇ ਉਹ ਟਰੱਸਟ ਦਾ ਰਿਕਾਰਡ ਦੇਖਣ ਆਏ ਸਨ। ਜ਼ਿਕਰਯੋਗ ਹੈ ਕਿ ਤਿੰਨ ਪਹਿਲਾਂ ਹੀ ਜ਼ਿਲਾ ਪੁਲਿਸ ਨੇ ਹਾਈਕੋਰਟ ਤੋਂ ਜਾਇਦਾਦ ਦਾ ਕੇਸ ਜਿੱਤਣ ਵਾਲੀ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਸ਼ਿਕਾਇਤ ’ਤੇ ਮਹਾਰਾਜਾ ਦੀ ਜਾਅਲੀ ਵਸੀਅਤ ਤਿਆਰ ਕਰਨ ਦੇ ਮਾਮਲੇ ਵਿਚ ਟਰੱਸਟ ਵਿਚ ਚੇਅਰਮੈਨ ਤੇ ਵਾਈਸ ਚੇਅਰਪਰਸਨ ਦੀ ਜ਼ਿੰਮੇਵਾਰੀ ਨਿਭਾ ਰਹੇ ਮਹਾਰਾਜਾ ਦੇ ਦੋਹਤਾ-ਦੋਹਤੀ ਸਣੇ ਕੁਲ 23 ਅਹੁਦੇਦਾਰਾਂ ਤੇ ਕਰਮਚਾਰੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ, ਜਿਸ ਦੀ ਜਾਂਚ ਲਈ ਐਸਪੀ(ਐਚ) ਭੁਪਿੰਦਰ ਸਿੰਘ ਦੀ ਨਿਗਰਾਨੀ ਵਿਚ ਐਸਆਈਟੀ ਦਾ ਵੀ ਗਠਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਇਕ ਜੂਨ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਫੈਸਾਲ ਸੁਣਾਉਂਦੇ ਹੋਏ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਉਸ ਵਸੀਅਤ ਨੂੰ ਜਾਲੀ ਕਰਾਰ ਦੇ ਦਿੱਤਾਸੀ ਜਿਸ ਦੇ ਆਧਾਰ ’ਤੇ ਜਾਇਦਾਦ ਦੀ ਨਿਗਰਾਨੀ ਮਹਾਰਾਵਲ ਖੇਵਾ ਜੀ ਟਰੱਸਟ ਵੱਲੋਂ ਕੀਤੀ ਜਾ ਰਹੀ ਹੈ। ਇਸ ਫੈਸਲੇ ਵਿਚ ਹਾਈਕੋਰਟ ਨੇ ਇਹ ਜਾਇਦਾਦ ਤਿੰਨਾਂ ਧੀਆਂ ਵਿਚ ਵੰਡ ਦਿੱਤੀ ਸੀ।