Farmers direct Payment: ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਵੱਲੋਂ ਖਰੀਦ ਏਜੰਸੀਆਂ ਨੂੰ ਵੇਚੀ ਗਈ ਕਣਕ ਦੀ ਫਸਲ ਦੀ ਸਿੱਧੀ ਅਦਾਇਗੀ ਸਰਕਾਰ ਵੱਲੋਂ ਉਸਦੇ ਖਾਤੇ ਵਿੱਚ ਕੀਤੀ ਗਈ ਸੀ, ਪਰ ਬੈਂਕ ਵੱਲੋਂ ਕਿਸਾਨ ਦੇ ਖਾਤੇ ਵਿੱਚ ਆਏ 95 ਹਜਾਰ 700 ਰੁਪਏ ਲਿਮਿਟ ਦੀ ਰਕਮ ਬਾਕੀ ਹੋਣ ਕਾਰਨ ਨਹੀਂ ਦਿੱਤੇ ਜਾ ਰਹੇ। ਜਿਸ ਕਾਰਨ ਕਿਸਾਨ ਪਰੇਸ਼ਾਨ ਹੈ ਅਤੇ ਕਿਸਾਨ ਨੂੰ ਇਨਸਾਫ ਦਵਾਉਣ ਲਈ ਕਿਸਾਨ ਜਥੇਬੰਦੀ ਵੱਲੋਂ ਬੈਂਕ ਦਾ ਘਿਰਾਓ ਕੀਤਾ ਗਿਆ ਹੈ ਅਤੇ ਮੰਗ ਕੀਤੀ ਹੈ ਕਿ ਕਿਸਾਨ ਨੂੰ ਉਸਦੀ ਫਸਲ ਦੀ ਅਦਾਇਗੀ ਕੀਤੀ ਜਾਵੇ।
ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਬਲਦੇਵ ਰਾਜ ਨੇ ਕਣਕ ਦੇ ਸੀਜਨ ਵਿੱਚ ਆਪਣੀ ਕਣਕ ਦੀ ਫਸਲ ਖਰੀਦ ਏਜੰਸੀਆਂ ਨੂੰ ਵੇਚੀ ਸੀ ਅਤੇ ਸਰਕਾਰ ਵੱਲੋਂ ਉਸਦੇ ਬੈਂਕ ਖਾਤੇ ਵਿੱਚ 95 ਹਜਾਰ 700 ਰੁਪਏ ਸਿੱਧੀ ਅਦਾਇਗੀ ਰਾਹੀਂ ਭੇਜ ਦਿੱਤੇ ਗਏ ਸਨ, ਪਰ ਪਿੰਡ ਵਿੱਚ ਸਥਿਤ ਭਾਰਤੀ ਸਟੇਟ ਬੈਂਕ ਨੇ ਕਿਸਾਨ ਨੂੰ ਕਣਕ ਵੇਚਣ ਬਦਲੇ ਆਏ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਜਿਸਦੇ ਵਿਰੋਧ ਵਿੱਚ ਅਤੇ ਕਿਸਾਨ ਨੂੰ ਰਕਮ ਦੀ ਅਦਾਇਗੀ ਕਰਾਉਣ ਲਈ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਬੈਂਕ ਦਾ ਘਿਰਾਓ ਕਰ ਦਿੱਤਾ। ਪੀਡ਼ਿਤ ਕਿਸਾਨ ਬਲਦੇਵ ਰਾਜ ਨੇ ਕਿਹਾ ਕਿ ਮੈਂ ਬੈਂਕ ਤੋਂ 3 ਲੱਖ ਰੁਪਏ ਦੀ ਲਿਮਿਟ ਕਰਵਾਈ ਹੋਈ ਹੈ ਜੋਕਿ ਨੋਟਬੰਦੀ ਅਤੇ ਕੋਰੋਨਾ ਦੇ ਕਾਰਨ ਪਿਛਲੇ 3 ਸਾਲ ਤੋਂ ਲਿਮਿਟ ਬੰਦ ਹੈ। ਉਨ੍ਹਾਂ ਕਿਹਾ ਕਿ ਮੇਰੇ ਖਾਤੇ ਵਿੱਚ ਕਣਕ ਦੇ 95 ਹਜਰ 700 ਰਪਏ ਆਏ ਸਨ, ਪਰ ਬੈਂਕ ਨੇ ਪੈਸੇ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਕਿਹਾ ਕਿ ਜਾਂ ਤਾਂ ਲਿਮਿਟ ਘੁਮਾਓ ਨਹੀਂ ਤਾਂ ਅਸੀ ਪੈਸੇ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀ ਬੈਂਕ ਤੋਂ ਆਪਣੇ ਪੈਸੇ ਮੰਗ ਰਹੇ ਹਾਂ ਕਿਉਂਕਿ ਸਾਡੀ ਜ਼ਮੀਨ ਬੈਂਕ ਦੇ ਕੋਲ ਗਹਿਣੇ ਪਈ ਹੈ।
ਉਥੇ ਹੀ ਧਰਨਾਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਆਗੂ ਮਹਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਕਿਸਾਨ ਬਲਦੇਵ ਰਾਜ ਵੱਲੋਂ ਕਣਕ ਦੀ ਫਸਲ ਵੇਚਣ ਤੋਂ ਬਾਅਦ ਉਸਦੇ ਖਾਤੇ ਵਿੱਚ ਆਏ ਪੈਸੇ ਬੈਂਕ ਨੇ ਇਹ ਕਹਿਕੇ ਕੱਟ ਲਏ ਹਨ ਕਿ ਕਿਸਾਨ ਨੇ ਲਿਮਿਟ ਨਹੀਂ ਭਰੀ ਹੈ ਜਿਸ ਕਾਰਨ ਉਹ ਡਿਫਾਲਟਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਕ ਨੇ ਗੈਰਕਾਨੂਨੀ ਢੰਗ ਨਾਲ ਕਿਸਾਨ ਦੇ ਪੈਸੇ ਕੱਟੇ ਹਨ ਤੇ ਅਸੀ ਮੰਗ ਕਰਦੇ ਹਾਂ ਕਿ ਕਿਸਾਨ ਨੂੰ ਉਸਦੀ ਫਸਲ ਦੇ ਪੈਸੇ ਦਿੱਤੇ ਜਾਣ ਤਾਂਕਿ ਕਿਸਾਨ ਅਗਲੀ ਫਸਲ ਦੀ ਬਿਜਾਈ ਕਰ ਸਕੇ ਕਿਉਂਕਿ ਅੱਜ ਤੱਕ ਉਸਦਾ ਖੇਤ ਖਾਲੀ ਪਿਆ ਹੈ ਅਤੇ ਕਿਸਾਨ ਪਰੇਸ਼ਾਨੀ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰੇਸ਼ਾਨੀ ਦੇ ਚੱਲਦੇ ਕਿਸਾਨ ਕਿਸੇ ਕਾਰਨ ਖੁਦਕੁਸ਼ੀ ਕਰਦਾ ਹੈ ਤਾਂ ਉਸਦੇ ਲਈ ਬੈਂਕ ਦੇ ਅਧਿਕਾਰੀ ਅਤੇ ਪ੍ਰਬੰਧਕ ਜਿੰਮੇਵਾਰ ਹੋਣਗੇ। ਜਦ ਇਸ ਮਾਮਲੇ ਸਬੰਧੀ ਸਬੰਧਤ ਬੈਂਕ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਸਾਫ ਇੰਨਕਾਰ ਕਰ ਦਿੱਤਾ।