fazilka Girl Death: ਫਾਜ਼ਿਲਕਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲਾਚਾਰ ਪਿਓ ਦੀਆਂ ਅੱਖਾਂ ਸਾਹਮਣੇ ਉਸਦੀ ਔਲਾਦ ਮਰ ਗਈ ਤੇ ਉਹ ਕੁਝ ਵੀ ਨਾ ਕਰ ਸਕਿਆ। ਇਸ ਸਬੰਧੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਲਾਚਾਰ ਪਿਓ ਦਾ ਦਰਦ ਬਿਆਨ ਕਰਦੀਆਂ ਹਨ । ਉਹ ਪਿਓ ਜਿਸਨੇ ਆਪਣੀ ਧੀ ਨੂੰ ਜ਼ਿੰਦਗੀ ਭਰ ਕਮਾਈ ਕਰਕੇ ਪੜ੍ਹਾਇਆ-ਲਿਖਾਇਆ ਤਾਂ ਜੋ ਉਸਦੀ ਧੀ ਆਪਣੇ ਪੈਰਾਂ ‘ਤੇ ਖੜ੍ਹ ਸਕੇ ਤੇ ਉਸਨੂੰ ਕਿਸੇ ਦਾ ਸਹਾਰਾ ਨਾ ਲੈਣਾ ਪਵੇ । ਪਰ ਉਸ ਪਿਓ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ ਜਦੋ ਉਸਦੀ ਜਵਾਨ ਧੀ ਜਿਸਦੀ ਉਮਰ ਸਿਰਫ 22 ਸਾਲਾਂ ਦੀ ਦੱਸੀ ਜਾ ਰਹੀ ਹੈ ਦੀ ਮੌਤ ਉਸਦੀਆਂ ਅੱਖਾਂ ਸਾਹਮਣੇ ਹੋ ਗਈ।
ਦਰਅਸਲ, ਮ੍ਰਿਤਕ ਕੁੜੀ ਦੇ ਪਿਤਾ ਨੇ ਇੱਕ ਡਾਕਟਰ ‘ਤੇ ਉਸਦੀ ਧੀ ਦਾ ਇਲਾਜ ਸਹੀ ਨਾ ਕਰਨ ‘ਤੇ ਮੌਤ ਹੋਣ ਦੇ ਇਲਜ਼ਾਮ ਲਗਾਏ ਹਨ। ਕੁੜੀ ਦੇ ਪਿਤਾ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਦੋ ਬੀਤੀ ਰਾਤ ਉਸਦੀ ਧੀ ਦੇ ਢਿੱਡ ਵਿੱਚ ਦਰਦ ਉੱਠਿਆ ਤਾਂ ਉਸਨੇ ਸਵੇਰੇ 3 ਵਜੇ ਆਪਣੀ ਧੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਡਾਕਟਰ ਨੇ ਲੜਕੀ ਨੂੰ ਜ਼ਿਆਦਾ ਨਸ਼ੇ ਦੇ ਟੀਕੇ ਲਗਾ ਦਿੱਤੇ। ਜਿਸ ਤੋਂ ਬਾਅਦ ਉਸਦੀ ਧੀ ਦੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਕੁੜੀ ਦੇ ਪਿਤਾ ਨੇ ਦੱਸਿਆ ਕਿ ਹਸਪਤਾਲ ਵਿੱਚ ਦਵਾਈ ਦੇਣ ਤੋਂ ਬਾਅਦ ਲੜਕੀ ਦੀ ਹਾਲਤ ਕੁਝ ਠੀਕ ਹੋ ਗਈ ਸੀ। ਪਰ ਰਾਤ ਨੂੰ ਡਾਕਟਰ ਵੱਲੋਂ ਲਗਾਏ ਜ਼ਿਆਦਾ ਟੀਕਿਆਂ ਕਾਰਨ ਕੁੜੀ ਦੀ ਹਾਲਤ ਵਿਗੜ ਗਈ। ਜਿਸ ਤੋਂ ਬਾਅਦ ਉਸਨੂੰ ਕਿਸੇ ਹੋਰ ਡਾਕਟਰ ਕੋਲ ਲਿਜਾਉਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਮ੍ਰਿਤਕ ਕੁੜੀ ਦੇ ਪਿਤਾ ਵਲੋਂ ਡਾਕਟਰ ‘ਤੇ ਲਗਾਏ ਗਏ ਇਲਜ਼ਾਮਾਂ ਦੇ ਤਹਿਤ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਡਾਕਟਰ ‘ਤੇ ਲਗਾਏ ਗਏ ਇਲਜ਼ਾਮ ਵਿੱਚ ਕਿੰਨੀ ਕੁ ਸੱਚਾਈ ਹੈ, ਇਸਦੇ ਬਾਰੇ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ। ਹੁਣ ਇਹ ਦੇਖਣਾ ਪਵੇਗਾ ਕਿ ਆਖਿਰ ਪੁਲਿਸ ਦੀ ਜਾਚ ਤੋਂ ਬਾਅਦ ਸਚਾਈ ਸਾਹਮਣੇ ਆਉਂਦੀ ਹੈ।