fire in huts: ਲੁਧਿਆਣਾ, (ਤਰਸੇਮ ਭਾਰਦਵਾਜ)- ਐਤਵਾਰ ਨੂੰ ਸਵੇਰੇ ਕਰੀਬ 11 ਵਜੇ ਸਮਰਾਲਾ ਨੇੜੇ ਪਿੰਡ ਟੋਡਰਮੱਲ ਵਿਖੇ ਐਤਵਾਰ ਨੂੰ ਦੁਪਹਿਰ ਵੇਲੇ ਪ੍ਰਵਾਸੀਆਂ ਦੇ ਸਿਰ ਤੋਂ ਛੱਤ ਦਾ ਸਾਇਆ ਉੱਠ ਗਿਆ।ਦੱਸ ਦੇਈਏ ਕਿ ਐਤਵਾਰ ਦੀ ਦੁਪਹਿਰ ਪ੍ਰਵਾਸੀਆਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਨਾਲ 10 ਤੋਂ ਵੱਧ ਪਰਿਵਾਰ ਘਰੋਂ ਬੇਘਰ ਹੋ ਗਏ ਹਨ।ਜਾਣਕਾਰੀ ਮੁਤਾਬਕ ਇਸ ਅੱਗਜਨੀ ਘਟਨਾ ‘ਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।ਪਰ ਇਸ ਅੱਗ ਲੱਗਣ ਨਾਲ ਇਨ੍ਹਾਂ ਪਰਿਵਾਰਾਂ ਦਾ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਜਿਸਦੇ ਨਾਲ ਉਨ੍ਹਾਂ ਦੀਆਂ ਕਈ ਸਾਰੀਆਂ ਉਮੀਦਾਂ ਵੀ ਸੜ ਕੇ ਸੁਆਹ ਹੋ ਗਈਆਂ।ਝੁੱਗੀਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ
ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।ਫਿਲਹਾਲ ਅੱਗ ਲੱਗਣ ਦੀ ਵਜ੍ਹਾ ਪਤਾ ਨਹੀਂ ਲੱਗੀ ਪਰ ਇਹ ਅੱਗ ਅਚਾਨਕ ਲੱਗੀ ਦੱਸੀ ਜਾ ਰਹੀ ਹੈ।ਉਕਤ ਪੀੜਤ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਕਈ ਪ੍ਰਵਾਸੀ ਮਜ਼ਦੂਰ ਪਰਿਵਾਰ ਪਿੰਡ ਤੋਂ ਬਾਹਰ ਬਣੀ ਇਸ ਝੌਂਪੜੀ ਬਸਤੀ ‘ਚ ਕਈ ਸਾਲਾਂ ਤੋਂ ਰਹਿੰਦੇ ਹਨ।ਅੱਜ ਜਦੋਂ ਉਹ
ਆਪਣੀਆਂ ਝੌਂਪੜੀਆਂ ‘ਚ ਸਨ ਤਾਂ ਅੱਗ ਦੀਆਂ ਲਪਟਾਂ ਨੇ ਕਈ ਝੌਂਪੜੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ।ਇਹ ਅੱਗ ਬਹੁਤ ਭਿਆਨਕ ਸੀ ਕਿ ਮੌਕੇ ‘ਤੇ ਰਾਹਤ ਟੀਮਾਂ ਦੇ ਪੁੱਜਣ ਤੋਂ ਪਹਿਲਾਂ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ।ਅਜਿਹਾ ਦਰਦਨਾਕ ਦ੍ਰਿਸ਼ ਦੇਖ ਕੇ ਉਥੇ ਮੌਜੂਦ ਹਰ ਕਿਸੇ ਵਿਅਕਤੀ ਦਾ ਦਿਲ ਹਲੂਣਿਆ ਜਾਵੇਗਾ।ਕੁਝ ਹੋਰ ਮਜ਼ਦੂਰਾਂ ਨੇ ਦੱਸਿਆ ਕਿ ਘਰੇਲੂ ਸਾਮਾਨ ਤੋਂ ਇਲਾਵਾ ਅੰਦਰ ਪਈ ਉਨ੍ਹਾਂ ਦੀ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੁੱਝ ਜ਼ਰੂਰੀ ਦਸਤਾਵੇਜ ਵੀ ਸੜ ਗਏ ਹਨ।ਝੁੱਗੀਆਂ ‘ਚ 70 ਸਾਲਾ ਬਜ਼ੁਰਗ ਫਸ ਗਿਆ ਅਤੇ ਉਹ ਆਪਣੇ ਆਪ ਚੱਲਣ ਤੋਂ ਅਸਮਰਥ ਸਨ।ਪਿੰਡ ਦੇ ਲੋਕਾਂ ਨੇ ਕਾਫੀ ਮਿਹਨਤ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ।ਫਿਲਹਾਲ ਪੁਲਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਜੁਟੀ ਹੋਈ ਹੈ।