homeland punjabi kuwait: ਪੂਰੇ ਦੇਸ਼ ‘ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਨੇ ਵਿਦੇਸ਼ਾਂ ‘ਚ ਰੋਜ਼ੀ ਰੋਟੀ ਕਮਾਉਣ ਗਏ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕੁਵੈਤ ‘ਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ।ਹੁਣ ਇਸ ਮਾਮਲੇ ‘ਚ ਨਵੀਂ ਉਮੀਦ ਜਾਗ ਗਈ ਹੈ, ਕਿਉਂਕਿ ਹੁਣ ਭਾਰਤੀ ਦੂਤਾਵਾਸ ਨੇ ਇਨ੍ਹਾਂ ਪੰਜਾਬੀਆਂ ਨਾਲ ਸੰਪਰਕ ਕਰ ਕੇ ਵਾਪਸ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਇਨ੍ਹਾਂ ਨੌਜਵਾਨਾਂ ਨੇ ਬਦਤਰ ਹਾਲਾਤਾਂ ਦੀ ਵੀਡੀਓ ਦੁਆਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਕੰਪਨੀ ਵੱਲੋਂ ਨਾ ਤਾਂ ਵਧੀਆਂ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਇਨ੍ਹਾਂ ਨੌਜਵਾਨਾਂ ਦਾ ਦੁੱਖ ਦੇਖ ਕੇ ਚਰਨਜੀਤ ਸਿੰਘ ਅਟਵਾਲ ਨੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੂੰ ਵਤਨ ਵਾਪਸ ਲਿਆਂਦਾ ਜਾਵੇ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕੁਵੈਤ ‘ਚ ਭਾਰਤੀ ਦੂਤਾਵਾਸ ਨੂੰ ਆਦੇਸ਼ ਦਿੱਤਾ ਸੀ ਕਿ ਜੋ ਵੀ ਨੌਜਵਾਨ ਉੱਥੇ ਫਸੇ ਹੋਏ ਹਨ, ਉਨ੍ਹਾਂ ਨੂੰ ਉੱਥੋ ਵਤਨ ਵਾਪਸੀ ਦੇ ਯਤਨ ਕੀਤੇ ਜਾਣ।