Hotel restaurants ludhiana:ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਲੁਧਿਆਣਾ ‘ਚ ਹਦਾਇਤਾਂ ਮੁਤਾਬਕ ਹੋਟਲ ਅਤੇ ਰੈਸਟੋਰੈਂਟ ਖੁੱਲ ਗਏ ਪਰ ਗਾਹਕ ਬਹੁਤ ਘੱਟ ਨਜ਼ਰ ਆਏ ਹਨ। ਇਸ ਦੌਰਾਨ ਸ਼ਹਿਰ ‘ਚ ਹਾਲੇ ਕਈ ਹੋਟਲ ਅਤੇ ਰੈਸਟੋਰੈਂਟ ਹਾਲੇ ਵੀ ਬੰਦ ਪਏ ਹਨ। ਇਸ ਸਬੰਧੀ ਹੋਟਲ ਤੇ ਰੈਸਟੋਰੈਂਟ ਮਾਲਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਨ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਹੋਟਲ ਤੇ ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਕਾਮਿਆਂ ਦੀ ਕਮੀ ਹੈ ਕਿਉਂਕਿ ਜ਼ਿਆਦਾਤਰ ਕਾਮੇ ਆਪਣੇ ਘਰ ਜਾ ਚੁੱਕੇ ਹਨ। ਇਸ ਦੇ ਨਾਲ ਵੱਧ ਤੋਂ ਵੱਧ 50 ਗਾਹਕਾਂ ਨੂੰ ਬਿਠਾਉਣ ਕਾਰਨ ਖਰਚੇ ਵੀ ਪੂਰੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਹੋਮ ਡਿਲੀਵਰੀ ਦਾ ਕੰਮ ਵੀ ਬਹੁਤ ਘੱਟ ਹੈ। ਦੂਜੇ ਪਾਸੇ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਦੱਸਿਆ ਹੈ ਕਿ ਕਾਮਿਆ ਜਾਂ ਲੇਬਰ ਦੇ ਵਾਪਸ ਆਉਣ ਅਤੇ ਹੋਰ ਦੂਜੇ ਪ੍ਰਬੰਧਾਂ ‘ਚ ਸੁਧਾਰ ਕਰਨ ‘ਚ ਕੁਝ ਸਮਾਂ ਲੱਗੇਗਾ, ਜਿਸ ਤੋਂ ਬਾਅਦ ਹੀ ਆਮ ਹਾਲਾਤਾਂ ਵਾਂਗ ਹੋਟਲਾਂ ‘ਚ ਰੌਣਕਾਂ ਦੀ ਉਮੀਦ ਜਤਾਈ ਜਾ ਸਕੇਗੀ।
ਦੱਸਣਯੋਗ ਹੈ ਕਿ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਕਾਰਨ ਹੋਟਲ ਅਤੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਸੀ , ਜਿਨ੍ਹਾਂ ਨੂੰ ਹੁਣ ਸਰਕਾਰ ਵੱਲੋਂ ਕੁਝ ਨਿਯਮਾਂ ਮੁਤਾਬਕ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ।