Lehragaga Farmers Protest: ਲਹਿਰਾਗਾਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਰਜਨਾਂ ਜਥੇਬੰਦੀਆਂ ਦੇ ਸਾਂਝੇ ਸੱਦੇ ਨਾਲ ਤਾਲਮੇਲ ਵਜੋਂ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅਣਮਿਥੇ ਸਮੇ ਦੇ ਧਰਨੇ ਅੱਜ 49 ਥਾਂਵਾਂ ‘ਤੇ ਜਾਰੀ ਰੱਖੇ ਗਏ। ਇਸੇ ਲੜੀ ਤਹਿਤ ਲਹਿਲ ਖੁਰਦ ਵਿਖੇ ਰਲਾਇੰਸ ਦੇ ਪੈਟਰੋਲ ਪੰਪ ‘ਤੇ ਜਥੇਬੰਦੀ ਦੇ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਹਰਿਆਣਾ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਅੱਜ ਲਹਿਰਾ-ਪਾਤੜਾਂ ਰੋਡ ਨੂੰ ਰਿਲਾਇੰਸ ਦੇ ਪੈਟਰੋਲ ਪੰਪ ਕੋਲ ਜਾਮ ਕੀਤਾ ਗਿਆ ਹੈ ਅਤੇ ਹਰਿਆਣਾ ਦੇ ਗਿ੍ਫ਼ਤਾਰ ਕੀਤੇ ਕਿਸਾਨਾਂ ਦੀ ਤੁਰੰਤ ਰਿਹਾਈ ਸਮੇਤ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਧਰਨੇ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨ,ਔਰਤਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ‘ਕਿਸਾਨ ਅੰਦੋਲਨ’ ਪੇਂਡੂ ਖੇਤਰਾਂ ਵਿੱਚ ਪੂਰੀ ਤਰ੍ਹਾਂ ਭਖ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਅਤੇ ਕਾਰਪੋਰੇਟਾ ਦੇ ਪੁਤਲੇ ਸਾੜੇ ਜਾਣਗੇ। ਉਨ੍ਹਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਬਿਜਲੀ ਸੋਧ ਬਿਲ 2020 ਵਾਪਸ ਲਿਆ ਜਾਵੇ ।