Liquor Contractor Bittu Chhabra: ਮਸ਼ਹੂਰ ਸ਼ਰਾਬ ਠੇਕੇਦਾਰ ਅਤੇ ਲੁਧਿਆਣਾ ਦੇ ਹਾਰਡੀ ਵਰਲਡ ਦੇ ਮਾਲਕ ਬਿੱਟੂ ਛਾਬੜਾ ਨੂੰ ਜਗਰਾਓ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬਿੱਟੂ ਅਰੋੜਾ ਨੂੰ ਬੀਤੇ ਦਿਨ ਭਾਵ ਮੰਗਲਵਾਰ ਨੂੰ ਜਲੰਧਰ ਬਾਈਪਾਸ ਸਥਿਤ ਹਾਰਡੀ ਵਰਲਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਬਿੱਟੂ ਅਰੋੜਾ ਦੀ ਗ੍ਰਿਫਤਾਰੀ ਫਰਵਰੀ 2020 ਦੌਰਾਨ ਪਿੰਡ ਖੰਡੂਰ ਵਿੱਚੋਂ ਫੜ੍ਹੀ ਗਈ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਕੀਤੀ ਗਈ ਹੈ ਅਤੇ ਇਹ ਗ੍ਰਿਫਤਾਰੀ ਦੀ ਐੱਸ.ਐੱਸ ਪੀ ਦੇਹਾਤ ਵਿਵੇਕ ਸੋਨੀ ਨੇ ਪੁਸ਼ਟੀ ਕੀਤੀ ਹੈ।
ਇਹ ਹੈ ਪੂਰਾ ਮਾਮਲਾ: ਦਰਅਸਲ ਫਰਵਰੀ 2020 ਦੌਰਾਨ ਐਕਸਾਈਜ਼ ਵਿਭਾਗ ਅਤੇ ਪੁਲਿਸ ਟੀਮ ਨੇ ਪਿੰਡ ਖੰਡੂਰ ਵਿੱਚ ਛਾਪੇਮਾਰੀ ਕੀਤੀ ਸੀ, ਜਿੱਥੇ ਪੁਲਸ ਨੂੰ ਸ਼ਰਾਬ ਦੀ ਇਕ ਫੈਕਟਰੀ ਮਿਲੀ ਸੀ। ਇਸ ਫੈਕਟਰੀ ਵਿੱਚੋਂ ਬਲੈਕ ਡੌਗ, ਸਿਵਾਸ ਰੀਗਲ, ਬਲੈਕ ਲੇਬਲ, ਜਾਨੀ ਵਾਕਰ, ਰੈੱਡ ਲੇਬਲ ਵਰਗੀਆਂ ਤਮਾਮ ਵੱਡੀਆਂ ਬਰਾਂਡਿਡ ਸ਼ਰਾਬ ਦੀਆਂ ਖਾਲੀ ਬੋਤਲਾਂ ਤੇ ਉਨ੍ਹਾਂ ਦੇ ਲੇਬਲ ਫੜੇ ਗਏ ਸਨ। ਮੌਕੇ ‘ਤੇ ਵਿਭਾਗ ਨੇ ਸ਼ਰਾਬ ਨਾਲ ਭਰੀਆਂ 50 ਪੇਟੀਆਂ ਅਤੇ 138 ਖਾਲੀ ਪੇਟੀਆਂ ਵੀ ਬਰਾਮਦ ਕੀਤੀਆਂ ਸਨ। ਇਸ ਤੋਂ ਇਲਾਵਾ ਮੌਕੇ ‘ਤੇ ਨਕਲੀ ਹੋਲੋਗ੍ਰਾਮ ਅਤੇ ਬ੍ਰਾਂਡ ਵਾਲੇ ਸ਼ਰਾਬ ਦੇ ਲੇਬਲ ਵੀ ਬਰਾਮਦ ਕੀਤੇ ਗਏ ਸਨ। ਇਨ੍ਹਾਂ ਬੋਤਲਾ ਵਿੱਚ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਭਰੀ ਜਾਂਦੀ ਸੀ ਅਤੇ ਬ੍ਰਾਂਡਿਡ ਦੇ ਨਾਂ ‘ਤੇ ਸਪਲਾਈ ਕੀਤੀ ਜਾ ਰਹੀ ਸੀ। ਪੁਲਿਸ ਨੇ ਮੌਕੇ ‘ਤੇ 2 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇਹ ਸ਼ਰਾਬ ਜਿਆਦਾਤਰ ਪੈਲੇਸ ਵਿੱਚ ਸਪਲਾਈ ਹੁੰਦੀ ਸੀ, ਜਿੱਥੇ ਮਹਿੰਗੇ ਬ੍ਰਾਂਡ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਸੀ।
ਐੱਸ.ਐੱਸ.ਪੀ ਵਿਵੇਕ ਸੋਨੀ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਰ ਰਹੀ ਹੈ। ਆਈ.ਜੀ. ਨਾਗੇਸ਼ਰ ਰਾਵ ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਐੱਸ.ਆਈ.ਟੀ ਦੀ ਉੱਚ ਪੱਧਰੀ ਜਾਂਚ ਵਿੱਚ ਪੁਲਿਸ ਪਹਿਲਾਂ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਬਿੱਟੂ ਛਾਬੜਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।