Ludhiana Bank man died: ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਲੁਧਿਆਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦਿਲ ਦਹਿਲਾ ਦਿੱਤਾ ਹੈ। ਜਾਣਕਾਰੀ ਮੁਤਾਬਕ ਇੱਥੋਂ ਦੇ ਮਾਛੀਵਾੜਾ ਸਾਹਿਬ ਦੇ ਨੇੜੇ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਲੱਖੋਵਾਲ- ਗੱਦੋਵਾਲ ਦਾ ਨਿਵਾਸੀ ਬਲਵਿੰਦਰ ਸਿੰਘ (50) ਆਪਣੇ ਪਰਿਵਾਰਿਕ ਮੈਂਬਰਾਂ ਨਾਲ ਪੈਸੇ ਕਢਵਾਉਣ ਲਈ ਬੈਂਕ ਆਇਆ ਸੀ ਪਰ ਹਾਲਤ ਠੀਕ ਨਾ ਹੋਣ ਕਾਰਨ ਬਲਵਿੰਦਰ ਸਿੰਘ ਨੂੰ ਬੈਂਕ ਦੇ ਅੰਦਰ ਲਿਜਾਣਾ ਮੁਸ਼ਕਿਲ ਸੀ।ਇਸ ਕਰਕੇ ਪਰਿਵਾਰਿਕ ਮੈਂਬਰਾਂ ਨੇ ਬੈਂਕ ਮੈਨੇਜਰ ਨੂੰ ਬਾਹਰ ਆ ਕੇ ਬਲਵਿੰਦਰ ਸਿੰਘ ਦਾ ਅੰਗੂਠਾ ਲਾਉਣ ਲਈ ਕਿਹਾ ਪਰ ਮੈਨੇਜਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਇਸ ਦੌਰਾਨ ਹੀ ਬਲਵਿੰਦਰ ਸਿੰਘ ਦੀ ਹਾਲਤ ਹੋਰ ਖਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਪਰ ਪਿਛਲੇ 20 ਦਿਨਾਂ ਤੋਂ ਉਹ ਕਾਫੀ ਬੀਮਾਰ ਸੀ। ਬਲਵਿੰਦਰ ਸਿੰਘ ਦੀ ਹਾਲਤ ਕਾਫੀ ਖਰਾਬ ਹੁੰਦੀ ਦੇਖ ਕੇ ਪਰਿਵਾਰਿਕ ਮੈਂਬਰ ਹਸਪਤਾਲ ਲਿਜਾਣ ਲੱਗੇ ਪਰ ਇਲਾਜ ਲਈ ਪੈਸੇ ਨਾ ਹੋਣ ਕਾਰਨ ਉਹ ਪਹਿਲਾ ਪਿੰਡ ਧਨਾਨਸੂ ਦੇ ਇਕ ਬੈਂਕ ਵਿੱਚ ਚਲੇ ਗਏ, ਜਿੱਥੇ ਬਲਵਿੰਦਰ ਸਿੰਘ ਦੇ ਖਾਤੇ ਵਿੱਚ 1.08 ਲੱਖ ਰੁਪਏ ਜਮ੍ਹਾਂ ਸੀ। ਪਰਿਵਾਰਿਕ ਮੈਂਬਰਾਂ ਨੇ ਬਲਵਿੰਦਰ ਸਿੰਘ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਗੱਡੀ ਵਿੱਚ ਬੈਠਾ ਰਹਿਣ ਦਿੱਤਾ ਅਤੇ ਖੁਦ ਬੈਂਕ ਦੇ ਅੰਦਰ ਮੈਨੇਜਰ ਨੂੰ ਸਾਰੀ ਗੱਲ ਦੱਸੀ ਅਤੇ ਮੈਨੇਜਰ ਸਮੇਤ ਬੈਂਕ ਦੇ ਹੋਰ ਸਟਾਫ ਨੂੰ ਬਾਹਰ ਆ ਕੇ ਬਲਵਿੰਦਰ ਸਿੰਘ ਦਾ ਅੰਗੂਠਾ ਲਾਉਣ ਲਈ ਕਿਹਾ ਪਰ ਮੈਨੇਜਰ ਨੇ ਉਨ੍ਹਾਂ ਦੀ ਇਕ ਗੱਲ ਨਾ ਸੁਣੀ। ਪੀੜਤ ਪਰਿਵਾਰ ਨੇ ਕਾਫੀ ਮਿੰਨਤਾ ਤਰਲੇ ਕੀਤੇ ਪਰ ਇਸ ਦੌਰਾਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਪਰਿਵਾਰਿਕ ਮੈਂਬਰ ਮ੍ਰਿਤਕ ਬਲਵਿੰਦਰ ਸਿੰਘ ਦੀ ਲਾਸ਼ ਨੂੰ ਲੈ ਕੇ ਬੁੱਢੇਵਾਲ ਪੁਲਸ ਚੌਂਕੀ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਮੈਨੇਜਰ ਖਿਲਾਫ ਸ਼ਿਕਾਇਤ ਦਰਜ ਕਰਵਾਈ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੀ ਲਾਸ਼ ਹਸਪਤਾਲ ਭੇਜ ਦਿੱਤੀ ਅਤੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ। ਜਦੋਂ ਬੈਂਕ ਮੈਨੇਜਰ ਵਿਪਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੈਸੇ ਕਢਵਾਉਣ ਆਇਆ ਬਲਵਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਦਸਤਖਤ ਕਰਨ ਤੋਂ ਅਸਮਰੱਥ ਸੀ, ਜਿਸ ਕਾਰਨ ਖਾਤੇ ਵਿੱਚੋਂ ਪੈਸੇ ਨਹੀਂ ਨਿਕਲ ਸਕਦੇ। ਮੈਨੇਜਰ ਨੇ ਇਹ ਵੀ ਕਿਹਾ ਹੈ ਕਿ ਬੈਂਕ ਦੇ ਨਿਯਮਾਂ ਮੁਤਾਬਕ ਹੀ ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਖਾਤੇ ਵਿੱਚੋ ਪੈਸੇ ਦੇਣ ਤੋਂ ਇਨਕਾਰ ਕੀਤਾ ਸੀ।