Ludhiana corona positive case: ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਦਿਨੋ-ਬ-ਦਿਨ ਵੱਧਦਾ ਦੇਖ ਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੁੱਧਵਾਰ ਨੂੰ ਜ਼ਿਲ੍ਹੇ ‘ਚ 29 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 2 ਲੋਕਾਂ ਦੀ ਮੌਤ ਹੋਈ। ਦੱਸ ਦੇਈਏ ਕਿ ਬੁੱਧਵਾਰ ਨੂੰ ਮਿਲੇ ਪਾਜ਼ੀਟਿਵ 29 ਮਾਮਲਿਆਂ ‘ਚੋਂ 25 ਲੁਧਿਆਣਾ ਦੇ ਅਤੇ 3 ਹੋਰ ਦੂਜੇ ਸ਼ਹਿਰਾਂ ਦੇ ਹਨ।
ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਮ੍ਰਿਤਕ ਮਰੀਜ਼ਾਂ ‘ਚ ਇਕ ਮੌਤ 20 ਸਾਲਾਂ ਨੌਜਵਾਨ ਦੀ ਹੋਈ ਹੈ, ਜੋ ਹਾਦਸੇ ‘ਚ ਜ਼ਖਮੀ ਹੋਣ ਤੋਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਭਰਤੀ ਸੀ।ਇਸ ਦੇ ਨਾਲ ਦੂਜਾ ਮ੍ਰਿਤਕ ਮਰੀਜ਼ 71 ਸਾਲਾ ਔਰਤ ਬਸਤੀ ਜੋਧੇਵਾਲਾ ਦੀ ਰਹਿਣ ਵਾਲੀ ਸੀ, ਜੋ ਕਿ ਸੀ.ਐੱਮ.ਸੀ ਹਸਪਤਾਲ ‘ਚ ਭਰਤੀ ਸੀ। ਜ਼ਿਲ੍ਹੇ ‘ਚ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕੁੱਲ 865 ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਬੁੱਧਵਾਰ ਨੂੰ ਸਿਹਤ ਵਿਭਾਗ ਦੀ ਰੈਪਿਡ ਰਿਸਪਾਂਸ ਟੀਮਾਂ ਨੇ 160 ਲੋਕਾਂ ਨੂੰ ਕੁਆਰੰਟੀਨ ਕੀਤਾ ਜਦਕਿ ਵੱਖ-ਵੱਖ ਇਲਾਕਿਆਂ ‘ਚ ਰਹਿਣ ਵਾਲੇ 865 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ਦੇ ਹਸਪਤਾਲਾਂ ‘ਚ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆ ਕੇ ਭਰਤੀ ਹੋਣ ਵਾਲੇ ਮਰੀਜ਼ਾਂ ‘ਚ 200 ਕੋਰੋਨਾ ਪਾਜ਼ੀਟਿਵ ਕੇਸ ਆ ਚੁੱਕੇ ਹਨ ਜਦਕਿ ਇਨ੍ਹਾਂ ‘ਚ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।