ludhiana corona positive patient: ਲੁਧਿਆਣਾ ਜ਼ਿਲ੍ਹੇ ‘ਚ ਵੀਰਵਾਰ ਨੂੰ ਕੋਰੋਨਾ ਦੇ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚ 18 ਲੋਕ ਲੁਧਿਆਣਾ ਦੇ ਅਤੇ 3 ਦੂਜੇ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਇਕ ਪੀੜ੍ਹਤ ਮਰੀਜ਼ ਦੀ ਚੰਡੀਗੜ੍ਹ ਪੀ.ਜੀ.ਆਈ ‘ਚ ਮੌਤ ਹੋਈ ਹੈ। ਹੁਣ ਤੱਕ ਜ਼ਿਲ੍ਹੇ ‘ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 667 ਤੱਕ ਪਹੁੰਚ ਗਈ ਹੈ ਜਦਕਿ 19 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਜ਼ਿਲ੍ਹੇ ‘ਚ ਰਾਹਤ ਭਰੀ ਖਬਰ ਇਹ ਸਾਹਮਣੇ ਆਈ ਹੈ ਕਿ ਜ਼ਿਲ੍ਹੇ ‘ਚੋਂ 39 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
ਕੋਵਿਡ-19 ਦੇ ਸਟੇਟ ਨੋਡਲ ਅਫਸਰ ਡਾਕਟਰ ਰਾਜੇਸ਼ ਭਾਸਕਰ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹੇ ‘ਚ ਵੀਰਵਾਰ ਨੂੰ ਅਮਰਪੁਰਾ ਦਾ ਰਹਿਣ ਵਾਲਾ 34 ਸਾਲਾਂ ਸ਼ੰਕਰ ਝਾਅ ਦੀ ਚੰਡੀਗੜ੍ਹ ਦੇ ਪੀ.ਜੀ.ਆਈ ‘ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਹ ਵੀ ਦੱਸਿਆ ਜਾਂਦਾ ਹੈ ਕਿ ਨਵੇਂ ਪਾਜ਼ੀਟਿਵ ਮਾਮਲਿਆਂ ‘ਚ ਜ਼ਿਲ੍ਹੇ ‘ਚ ਤਾਇਨਾਤ ਡੀ.ਸੀ.ਪੀ, ਪੰਜਾਬ ਹੋਮ ਗਾਰਡ ਦੇ 3 ਮੁਲਾਜ਼ਮ ਅਤੇ ਸਿਵਲ ਸਰਜਨ ਦਫਤਰ ‘ਚ ਤਾਇਨਾਤ ਕਰਮਚਾਰੀ ਵੀ ਸ਼ਾਮਲ ਹਨ, ਜਿਸ ਦੀ ਪੁਸ਼ਟੀ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਰਮੇਸ਼ ਕੁਮਾਰ ਅਤੇ ਏ.ਡੀ.ਸੀ.ਪੀ ਤੇ ਲੁਧਿਆਣਾ ਪੁਲਸ ਦੇ ਨੋਡਲ ਅਧਿਕਾਰੀ ਸਚਿਨ ਗੁਪਤਾ ਨੇ ਕੀਤੀ ਸੀ।