ludhiana municiple corporation monsoon:ਅੱਤ ਦੀ ਗਰਮੀ ਤੋਂ ਬੇਹਾਲ ਲੁਧਿਆਣਾ ਵਾਸੀਆਂ ਨੂੰ ਜਿੱਥੇ ਮਾਨਸੂਨ ਦੀ ਦਸਤਕ ਨਾਲ ਰਾਹਤ ਮਿਲੀ ਹੈ, ਉੱਥੇ ਹੀ ਹੁਣ ਨਗਰ ਨਿਗਮ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਲਈ ਨਵਾਂ ਉਪਰਾਲਾ ਕਰਕੇ ਇਕ ਹੋਰ ਆਸਾਨ ਕੰਮ ਕੀਤਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਨਗਰ ਨਿਗਮ ਨੇ ਮਾਨਸੂਨ ਸੀਜ਼ਨ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਦੱਸਿਆ ਹੈ ਕਿ ਇਕ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ, ਜੋ ਤਿੰਨ ਸ਼ਿਫਟਾਂ ਦੌਰਾਨ 24 ਘੰਟੇ ਕੰਮ ਕਰੇਗਾ, ਜਿੱਥੇ ਲੋਕ ਸੀਵਰੇਜ ਜਾਮ ਜਾਂ ਕੂੜੇ ਦੀ ਲਿਫਟਿੰਗ ਨਾ ਹੋਣ ਸਬੰਧੀ ਸ਼ਿਕਾਇਤ ਕਰ ਸਕਦੇ ਹਨ। ਉਸ ਦੀ ਸੂਚਨਾ ਸਬੰਧਿਤ ਸ਼ਾਖਾ ਦੇ ਅਫਸਰ ਨੂੰ ਦਿੱਤੀ ਜਾਵੇਗੀ ਅਤੇ ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਵਾਪਸ ਕੰਟਰੋਲ ਰੂਮ ਨੂੰ ਰਿਪੋਰਟ ਦੇਣੀ ਹੋਵੇਗੀ।
ਕਮਿਸ਼ਨਰ ਨੇ ਇਹ ਵੀ ਦੱਸਿਆ ਹੈ ਕਿ ਬੁੱਢੇ ਨਾਲੇ ਦੀ ਸਫਾਈ ਲਈ ਆਪਣੇ ਤੌਰ ‘ਤੇ ਪੋਕਲੇਨ ਮਸ਼ੀਨਾਂ ਲਾਈਆਂ ਗਈਆਂ ਹਨ ਅਤੇ ਨਾਲੇ ‘ਚੋਂ ਨਿਕਲਣ ਵਾਲੇ ਮਲਬੇ ਦੀ ਰੋਜ਼ਾਨਾ ਤੌਰ ‘ਤੇ ਲਿਫਟਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਬਰਸਾਤ ਦੇ ਦਿਨਾਂ ‘ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਜ਼ੋਨਲ ਕਮਿਸ਼ਨਰ ਦੀ ਅਗਵਾਈ ‘ਚ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਇਲਾਕੇ ਤਹਿਤ 242 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ।