Ludhiana patients corona positive: ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਾਣਕਾਰੀ ਮੁਤਾਬਕ ਇੱਥੇ ਐਤਵਾਰ ਨੂੰ ਕੋਰੋਨਾ ਦੇ 44 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚ ਪੁਲਸ ਕਰਮਚਾਰੀ ਅਤੇ ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਜ਼ਿਲ੍ਹੇ ‘ਚ 2 ਮਹਿਲਾ ਪੁਲਿਸ ਕਰਮਚਾਰੀਆਂ ਸਮੇਤ 6 ਪੁਲਿਸ ਮੁਲਾਜ਼ਮ, 5 ਗਰਭਵਤੀ ਔਰਤਾਂ, ਕੰਟੇਨਮੈਂਟ ਜ਼ੋਨ ਦੇ 14 ਲੋਕਾਂ ਸਮੇਤ 44 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ‘ਚ 40 ਲੋਕ ਲੁਧਿਆਣਾ ਜ਼ਿਲੇ ਦੇ ਹਨ, ਜਦਕਿ 2 ਸੰਗਰੂਰ , 1 ਜਲੰਧਰ ਅਤੇ 1 ਹੁਸ਼ਿਆਰਪੁਰ ਤੋਂ ਹੈ। ਇਸ ਦੌਰਾਨ ਰਾਹਤ ਭਰੀ ਖਬਰ ਵੀ ਸਾਹਮਣੇ ਆਈ ਹੈ ਕਿ ਐਤਵਾਰ ਨੂੰ ਜ਼ਿਲ੍ਹੇ ‘ਚ 39 ਮਰੀਜ਼ ਠੀਕ ਹੋਣ ਤੋਂ ਬਾਅਦ ਘਰ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ‘ਚ ਹੁਣ ਤੱਕ 24955 ਸੈਂਪਲ ਲਏ ਗਏ ਹਨ, ਜਿਨ੍ਹਾਂ ‘ਚੋਂ 23834 ਦੀ ਰਿਪੋਰਟ ਮਿਲ ਚੁੱਕੀ ਹੈ। ਇਨ੍ਹਾਂ ‘ਚੋਂ 23117 ਨੈਗੇਟਿਵ ਜਦਕਿ 1121 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਮੌਜੂਦਾ ਸਮੇਂ ਜ਼ਿਲ੍ਹੇ ‘ਚ 561 ਮਰੀਜ਼ ਪਾਜ਼ੇਟਿਵ ਹਨ ਜਦਕਿ 14 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ‘ਚੋਂ 156 ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਹਨ ਜਦਕਿ ਇੱਥੇ ਹੋਈਆਂ 13 ਮੌਤਾਂ ਹੋਰ ਜ਼ਿਲ੍ਹਿਆਂ ਤੋਂ ਹਨ। ਦੱਸਿਆ ਜਾਂਦਾ ਹੈ ਕਿ 21 ਜੂਨ ਤੱਕ 321 ਮਰੀਜ਼ ਠੀਕ ਹੋਣ ਤੋਂ ਬਾਅਦ ਘਰ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 11821 ਲੋਕਾਂ ਨੂੰ ਘਰਾਂ ‘ਚ ਹੋਮ ਕੁਆਰੰਟੀਨ ਕੀਤਾ ਗਿਆ ਸੀ ਜਦਕਿ ਮੌਜੂਦਾ ਸਮੇਂ ਦੌਰਾਨ 3721 ਵਿਅਕਤੀ ਕੁਆਰੰਟੀਨ ‘ਚ ਹਨ।
ਜ਼ਿਲ੍ਹੇ ‘ਚ ਕੋਰੋਨਾ ਪੀੜ੍ਹਤ ਪੁਲਸ ਕਰਮਚਾਰੀ: ਜ਼ਿਲ੍ਹੇ ‘ਚ ਪੁਲਿਸ ਕੋਰੋਨਾ ਪੀੜ੍ਹਤ ਕਰਮਚਾਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ ਅਤੇ ਲੁਧਿਆਣਾ ਪੁਲਸ ਦੇ ਕੋਵਿਡ-19 ਦੇ ਨੋਡਲ ਅਫਸਰ ਸਚਿਨ ਗੁਪਤਾ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਦੀ ਜਾਂਚ ਦੌਰਾਨ ਬੀਤੇ ਦਿਨ ਐਤਵਾਰ ਨੂੰ 6 ਪੁਲਸ ਕਰਮਚਾਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਨ੍ਹਾਂ ‘ਚ ਮੁਕੇਰੀਆ ਦੇ ਰਹਿਣ ਵਾਲੇ ਅਤੇ ਥਾਣੇ ਸਾਹਨੇਵਾਲ ‘ਚ ਤਾਇਨਾਤ 53 ਸਾਲਾਂ ਏ.ਐੱਸ.ਆਈ ਅਤੇ ਡੇਹਲੋ ਰੋਡ ਦਸਮੇਸ਼ ਨਗਰ ਨਿਵਾਸੀ ਅਤੇ ਸਾਹਨੇਵਾਲਾ ਥਾਣੇ ‘ਚ ਤਾਇਨਾਤ ਪੁਲਸ ਕਰਮਚਾਰੀ ਵੀ ਕੋਰੋਨਾ ਪੀੜ੍ਹਤ ਨਿਕਲਿਆ। ਇਸ ਦੇ ਨਾਲ ਹੀ ਪੀ.ਸੀ.ਆਰ ਲੁਧਿਆਣਾ ‘ਚ 49 ਸਾਲਾਂ ਏ.ਐੱਸ.ਆਈ,ਵਿਜ਼ੀਲੈਂਸ ਬਿਊਰੋ ਲੁਧਿਆਣਾ’ਚ 49 ਸਾਲਾਂ ਕਾਂਸਟੇਬਲ, ਸ਼ਿਮਲਾਪੁਰੀ ਥਾਣੇ ‘ਚ ਤਾਇਨਾਤ 25 ਸਾਲਾਂ ਐੱਸ.ਆਈ-ਕਮ-ਐਡੀਸ਼ਨਲ ਐੱਸ.ਐੱਚ.ਓ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ। ਸ਼ਿਮਲਾਪੁਰੀ ਥਾਣੇ ‘ਚ ਤਾਇਨਾਤ 25 ਸਾਲਾ ਮਹਿਲਾ ਕਾਂਸਟੇਬਲ ਦੀ ਰਿਪੋਰਟ ਵੀ ਕੋਰੋਨਾ ਪੀੜ੍ਹਤ ਆਈ ਹੈ।