Mansa Corona Cases: ਮਾਨਸਾ ਜਿਲ੍ਹੇ ਦੇ ਸ਼ਹਿਰਾਂ ਅਤੇ ਕਸਬਿਆਂ ਲਈ ਕਹਿਰ ਬਣ ਰਹੀ ਕੋਰੋਨਾ ਮਹਾਂਮਾਰੀ ਨੇ ਹੁਣ ਪਿੰਡਾਂ ਵਿੱਚ ਵੀ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਨੰਗਲ ਕਲਾਂ ਤੋਂ ਬਾਅਦ ਹੁਣ ਪਿੰਡ ਬੁਰਜ ਰਾਠੀ ਅਤੇ ਮਲਕਪੁਰ ਖਿਆਲਾ ਨੂੰ ਮਾਈਕਰੋ ਕੰਟੇਨਮੇਂਟ ਜ਼ੋਨ ਅਤੇ ਪਿੰਡ ਖਿਆਲਾ ਕਲਾਂ ਨੂੰ ਕੰਟੇਨਮੇਂਟ ਜੋਨ ਘੋਸ਼ਿਤ ਕੀਤਾ ਗਿਆ ਹੈ। ਉਥੇ ਹੀ ਇਨ੍ਹਾਂ ਪਿੰਡਾਂ ਦੇ ਨਾਲ ਲੱਗਦੇ ਏਰੀਏ ਨੂੰ ਬਫਰ ਜੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਉਧਰ ਸਿਹਤ ਵਿਭਾਗ ਵੱਲੋਂ ਕੋਰੋਨਾ ਟੈਸਟਿੰਗ ਅਤੇ ਵੈਕਸੀਨੇਸ਼ਨ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਹੀ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਇਨ੍ਹਾਂ ਪਿੰਡਾਂ ਵਿੱਚ ਆਉਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਮਾਨਸਾ ਦੇ ਪਿੰਡ ਨੰਗਲ ਕਲਾਂ ਤੋਂ ਬਾਅਦ ਹੁਣ ਪਿੰਡ ਮਲਕਪੁਰ ਖਿਆਲਾ, ਖਿਆਲਾ ਕਲਾਂ ਅਤੇ ਬੁਰਜ ਰਾਠੀ ਵਿੱਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬੁਰਜ ਰਾਠੀ ਅਤੇ ਮਲਕਪੁਰ ਖਿਆਲਾ ਨੂੰ ਮਾਈਕਰੋ ਕੰਟੇਨਮੇਂਟ ਜ਼ੋਨ ਅਤੇ ਪਿੰਡ ਖਿਆਲਾ ਕਲਾਂ ਨੂੰ ਕੰਟੇਨਮੇਂਟ ਜੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਸਤੋਂ ਬਾਅਦ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਕੋਰੋਨਾ ਸੈਂਪਲਿੰਗ ਅਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਕਮਿਊਨਟੀ ਹੈਲਥ ਸੈਂਟਰ ਖਿਆਲਾ ਕਲਾਂ ਦੇ ਬਲਾਕ ਐਜੂਕੇਟਰ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਦੀ ਸੈਂਪਲਿੰਗ ਤੋਂ ਬਾਅਦ ਪਿਛਲੇ ਦਿਨਾਂ ਵਿੱਚ ਪਿੰਡ ਨੰਗਲ ਕਲਾਂ ਵਿੱਚ 50, ਮਲਕਪੁਰ ਖਿਆਲਾ ਵਿੱਚ 15, ਖਿਆਲਾ ਕਲਾਂ ਵਿੱਚ 30 ਅਤੇ ਪਿੰਡ ਬੁਰਜ ਰਾਠੀ ਵਿੱਚ 20 ਦੇ ਕਰੀਬ ਮਰੀਜ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਸਿਹਤ ਵਿਭਾਗ ਵੱਲੋਂ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੁਲਿਸ ਵੱਲੋਂ ਇਨ੍ਹਾਂ ਪਿੰਡਾਂ ਦੀ ਨਾਕਾਬੰਦੀ ਕਰਕੇ ਪਿੰਡਾਂ ਵਿੱਚ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਥਾਣਾ ਸਦਰ ਮਾਨਸਾ ਦੇ ਮੁੱਖ ਅਫਸਰ ਸੰਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਅਧੀਨ ਪੈਂਦੇ ਜਿਨ੍ਹਾਂ ਪਿੰਡਾਂ ਵਿੱਚ ਕੋਰੋਨਾ ਪਾਜਿਟਿਵ ਮਰੀਜ ਆਏ ਹਨ, ਉਨ੍ਹਾਂ ਪਿੰਡਾਂ ਦੀ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਪਿੰਡ ਦੇ ਰਸਤੇ ਸੀਲ ਕੀਤੇ ਗਏ ਹਨ ਤਾਂ ਕਿ ਕੋਈ ਵੀ ਕੋਰੋਨਾ ਪਾਜਿਟਿਵ ਵਿਅਕਤੀ ਪਿੰਡ ਤੋਂ ਬਾਹਰ ਨਾ ਜਾਵੇ ਅਤੇ ਕੋਈ ਵੀ ਬਾਹਰੀ ਵਿਅਕਤੀ ਪਿੰਡ ਵਿੱਚ ਦਾਖਲ ਨਾ ਹੋਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਆਵਾਜਾਹੀ ਬੰਦ ਕਰਕੇ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਤਾਂ ਕਿ ਕੋਰੋਨਾ ਮਹਾਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ।