mansa farmers protest: ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਲਈ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ, ਪਰ ਵਾਅਦੇ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ਉੱਤੇ ਮਾਨਸਾ ਵਿੱਚ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗੁਵਾਈ ਵਿੱਚ ਪਾਵਰਕਾਮ ਦੇ ਐਕਸੀਅਨ ਦਫਤਰ ਦੇ ਬਾਹਰ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਝੋਨੇ ਦੀ ਫਸਲ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਕਿਸਾਨਾਂ ਨੇ ਸਰਕਾਰ ਅਤੇ ਪਾਵਰਕਾਮ ਦੇ ਖਿਲਾਫ ਨਾਰੇਬਾਜੀ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਅੱਠ ਘੰਟੇ ਬਿਜਲੀ ਨਾ ਦਿੱਤੀ ਗਈ ਤਾਂ ਧਰਨਾ ਜਾਰੀ ਰਹੇਗਾ।
ਮਾਨਸਾ ਵਿੱਚ ਪਾਵਰਕਾਮ ਦੇ ਐਕਸੀਅਨ ਦਫਤਰ ਦੇ ਬਾਹਰ ਧਰਨਾ ਲਗਾ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਸਰਕਾਰ ਦੇ ਵਾਅਦੇ ਅਨੁਸਾਰ ਝੋਨੇ ਦੀ ਫਸਲ ਲਈ ਪਾਵਰਕਾਮ ਵੱਲੋਂ ਅੱਠ ਘੰਟੇ ਬਿਜਲੀ ਸਪਲਾਈ ਨਾ ਦੇਣ ਦਾ ਵਿਰੋਧ ਕਰ ਰਹੇ ਹਨ। ਧਰਨਾਕਾਰੀ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਰਾਮ ਸਿੰਘ, ਜਗਸੀਰ ਸਿੰਘ ਅਤੇ ਜਗਰਾਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤੈਅ ਕੀਤਾ ਹੋਇਆ ਹੈ ਕਿ ਹਰ ਫੀਡਰ ਉੱਤੇ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਕਿਸਾਨ 10 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਨਾ ਕਰਨ, ਪਰ ਹੁਣ ਕਿਸਾਨਾਂ ਨੂੰ ਸਿਰਫ 6 ਤੋਂ ਸਾਢੇ 6 ਘੰਟੇ ਹੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਜੋਰਾਂ ਤੇ ਹੈ ਅਤੇ ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਮਹਿੰਗੇ ਭਾਅ ਦਾ ਡੀਜਲ ਖ਼ਪਤ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ 16 ਘੰਟੇ ਬਿਜਲੀ ਸਪਲਾਈ ਦੇਣ ਦੀ ਹੈ, ਪਰ ਜੇਕਰ ਸਰਕਾਰ 16 ਘੰਟੇ ਬਿਜਲੀ ਸਪਲਾਈ ਨਹੀਂ ਦੇ ਸਕਦੀ ਤਾਂ ਘੱਟ ਤੋਂ ਘੱਟ 8 ਘੰਟੇ ਹੀ ਸਪਲਾਈ ਦੇਵੇ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪਾਵਰਕਾਮ ਦੇ ਐਕਸੀਅਨ ਦਫਤਰ ਦਾ ਘਿਰਾਓ ਕੀਤਾ ਹੈ ਅਤੇ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੋਵੇਗੀ ਇਹ ਘਿਰਾਓ ਜਾਰੀ ਰਹੇਗਾ।