Mansa Young man died: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 22ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ । ਇਸ ਮਾਮਲੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਹ ਅੰਦੋਲਨ ਨੂੰ ਖਤਮ ਨਹੀਂ ਕਰਨਗੇ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ । ਇਸੇ ਤਰ੍ਹਾਂ ਦੀ ਇੱਕ ਮੰਦਭਾਗੀ ਖਬਰ ਮਾਨਸਾ ਤੋਂ ਸਾਹਮਣੇ ਆਈ ਹੈ, ਜਿੱਥੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਇੱਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ । ਇਹ ਨੌਜਵਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦਾ ਰਹਿਣ ਵਾਲਾ ਸੀ। ਇਸ ਨੌਜਵਾਨ ਦੀ ਪਹਿਚਾਣ ਜਤਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦੀ ਮੌਤ ਦੀ ਟਰੱਕ ਹੇਠਾਂ ਆਉਣ ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਤਿੰਦਰ ਸਿੰਘ ਦਾ 40 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ । ਇਹ ਹਾਦਸਾ ਹਿਸਾਰ ਦੇ ਨੇੜੇ ਵਾਪਰਿਆ। ਟਰੈਕਟਰ ਖ਼ਰਾਬ ਹੋਣ ਕਾਰਨ ਜਦੋਂ ਜਤਿੰਦਰ ਰਸਤੇ ਵਿੱਚ ਟਰੈਕਟਰ ਰੋਕ ਕੇ ਦੇਖਣ ਲੱਗਿਆ ਤਾਂ ਪਿੱਛਿਓਂ ਆ ਰਹੇ ਟਰੱਕ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਣ ਨੌਜਵਾਨ ਦੀ ਮੌਤ ਹੋ ਗਈ ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਕਰਨਾਲ ਤੋਂ ਵੀ ਇਸ ਤਰ੍ਹਾਂ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਇੱਕ 16 ਸਾਲਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਥਾਣੇ ਦੇ ਕਿਸਾਨ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਦਿੱਲੀ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸੀ, ਅਤੇ ਗੁਰਵਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਵੀ ਇਸ ਜੱਥੇ ਵਿੱਚ ਸ਼ਾਮਿਲ ਸੀ, ਗੁਰਵਿੰਦਰ ਟਰਾਲੀ ਦੇ ਡਾਲੇ ‘ਤੇ ਬੈਠਾ ਸੀ। ਪਰ ਅਚਾਨਕ ਨੀਂਦ ਆਉਣ ਕਾਰਨ ਗੁਰਵਿੰਦਰ ਡਾਲੇ ਤੋਂ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਪਿੱਛੋਂ ਆ ਰਿਹਾ ਇੱਕ ਹੋਰ ਟਰੈਕਟਰ ਉਸ ਦੇ ਉਪਰੋਂ ਦੀ ਲੰਘ ਗਿਆ ਅਤੇ ਇਸ ਮੰਦਭਾਗੇ ਹਾਦਸੇ ਵਿੱਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।