Nursing staff protest hospital: ਲੁਧਿਆਣਾ ‘ਚ ਅੱਜ ਜੀ.ਟੀ.ਬੀ ਹਸਪਤਾਲ ਦੇ ਬਾਹਰ ਸਾਰੇ ਸਟਾਫ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੈਨੇਜਮੈਂਟ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਸਟਾਫ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਸਕ, ਗਲਵਜ਼ ਅਤੇ ਪੀ.ਪੀ.ਈ ਕਿੱਟਾਂ ਆਦਿ ਮੁਹੱਈਆਂ ਨਹੀਂ ਕਰਵਾਏ ਜਾਂਦੇ । ਇਸ ਤੋਂ ਇਲਾਵਾ ਸਟਾਫ ਨੂੰ ਤਨਖਾਹਾਂ ਵੀ ਸਹੀ ਤਰੀਕੇ ਨਾਲ ਨਹੀਂ ਦਿੱਤੀਆਂ ਜਾ ਰਹੀਆਂ ਹਨ।
ਸਟਾਫ ਨੇ ਇਹ ਵੀ ਦੱਸਿਆ ਕਿ ਐਂਮਰਜੈਂਸੀ ਵਾਰਡ ‘ਚ ਤਾਇਨਾਤ ਇਕ ਨਰਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਵੀ ਉਸ ਨੂੰ ਕੁਆਰੰਟਾਈਨ ਨਹੀਂ ਕੀਤਾ ਗਿਆ, ਸਗੋਂ ਉਹ ਡਿਊਟੀ ‘ਤੇ ਤਾਇਨਾਤ ਹੈ, ਜਿਸ ਕਾਰਨ ਸਾਰਿਆਂ ‘ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਸਟਾਫ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਵੇਂ ਗਲਵਜ਼, ਮਾਸਕ ਅਤੇ ਕਿੱਟਾਂ ਆਦਿ ਮੁਹੱਈਆਂ ਕਰਵਾਏ ਜਾਣ, ਇਸ ਦੇ ਨਾਲ ਹੀ ਸਾਰੇ ਸਟਾਫ ਦੇ ਕੋਰੋਨਾ ਦੇ ਸੈਂਪਲ ਵੀ ਲਏ ਜਾਣ।