Old Lady Help CM Captain: ਆਰਥਿਕ ਤੰਗੀ ਅਤੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਬਜ਼ੁਰਗ ਔਰਤ ਦੀ ਗੁਹਾਰ ਆਖਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਗਈ। ਦਰਅਸਲ ਲੁਧਿਆਣਾ ਦੇ ਨਿਊ ਸ਼ਿਮਲਾਪੁਰੀ ਵਿੱਚ ਕਿਰਾਏ ਦੇ ਮਕਾਨ ‘ਤੇ ਰਹਿਣ ਵਾਲੀ 70 ਸਾਲਾ ਬਜ਼ੁਰਗ ਔਰਤ ਨਿਰਮਲ ਕੌਰ ਨੇ ਬੀਤੇ ਦਿਨੀਂ ਫੇਸਬੁੱਕ ਪੇਜ ‘ਤੇ ਲਾਈਵ ਸੈਸ਼ਨ ਦੌਰਾਨ ਆਪਣੇ ਹਾਲਾਤਾਂ ਤੋਂ ਜਾਣੂ ਕਰਵਾਇਆ। ਧਾਹਾ ਮਾਰ ਬਿਆਨ ਕੀਤੇ ਬਜ਼ੁਰਗ ਔਰਤ ਦੇ ਦੁੱਖਾਂ ਦੀ ਦਾਸਤਾਨ ਸੁਣ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਦੀ ਮਦਦ ਲਈ ਐਲਾਨ ਕੀਤਾ ਹੈ। ਉਨ੍ਹਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪੀੜਤ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਦੀ ਸਥਿਤੀ ਜਾਣਨ ਅਤੇ ਹਰ ਸੰਭਵ ਮਦਦ ਦੇਣ ਲਈ ਆਦੇਸ਼ ਜਾਰੀ ਕੀਤਾ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ਦੇ ਰਹਿਣ ਵਾਲੇ ਇਕ ਸ਼ਖਸ ਕੁਲਵੰਤ ਸਿੰਘ ਨੇ ਇਸ ਬਜ਼ੁਰਗ ਔਰਤ ਦੀ ਪੂਰੀ ਦਾਸਤਾਨ ਸੋਸ਼ਲ ਮੀਡੀਆ ‘ਤੇ ਬਿਆਨ ਕੀਤੀ। ਨਰਕਭਰੀ ਜ਼ਿੰਦਗੀ ਜੀਉਣ ਵਾਲੇ ਗਰੀਬ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ।ਪੀੜਤ ਪਰਿਵਾਰ ਦੀ ਬਾਂਹ ਫੜ੍ਹਨ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ 1 ਸਾਲ ਤੱਕ ਮਕਾਨ ਦਾ ਕਿਰਾਇਆ ਦੇਣ ਦੀ ਗੱਲ ਕੀਤੀ ਅਤੇ ਇਸ ਦੇ ਨਾਲ ਹੀ ਬਜ਼ੁਰਗ ਔਰਤ ਦੇ ਫਰੀ ਇਲਾਜ ਦਾ ਵੀ ਆਦੇਸ਼ ਦਿੱਤਾ।
ਦੱਸਣਯੋਗ ਹੈ ਕਿ 12 ਸਾਲ ਪਹਿਲਾਂ ਬਜ਼ੁਰਗ ਔਰਤ ਨਿਰਮਲ ਕੌਰ ਦੇ ਪੁੱਤਰ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਨੂੰਹ ਨੇ ਆਪਣੇ 2 ਬੱਚਿਆਂ ਨੂੰ ਬਜ਼ੁਰਗ ਔਰਤ ਕੋਲ ਛੱਡ ਕੇ ਚਲੀ ਗਈ ਸੀ। ਖੁਦ ਟੀ.ਬੀ ਦੀ ਬਿਮਾਰੀ ਨਾਲ ਪੀੜ੍ਹਤ ਬਜ਼ੁਰਗ ਔਰਤ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਚਾਹ ਦਾ ਸਟਾਲ ਚਲਾ ਕੇ ਗੁਜ਼ਾਰਾ ਕਰਦੀ ਸੀ ਪਰ ਗਲੋਬਲੀ ਮਹਾਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਕਾਰਨ ਕੰਮ ਬੰਦ ਹੋ ਗਿਆ। ਗਰੀਬੀ ਅਤੇ ਬੀਮਾਰੀ ਦੀ ਸਤਾਈ ਬਜ਼ੁਰਗ ਔਰਤ ਕੋਲ ਨਾ ਤਾ ਕਿਰਾਇਆ ਦੇਣ ਲਈ ਪੈਸੇ ਸੀ ਅਤੇ ਨਾ ਹੀ ਇਲਾਜ ਲਈ ਕੋਈ ਪੈਸਾ ਸੀ।