Pannu ravneet bittu govt: ਲੁਧਿਆਣਾ ਦੇ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਰਵਨੀਤ ਬਿੱਟੂ ਨੇ ‘ਸਿੱਖ ਫਾਰ ਜਸਟਿਸ’ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਕੇਂਦਰ ਸਰਕਾਰ ਵੱਲੋਂ ਕਰਵਾਈ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਖਾਲਿਸਤਾਨੀ ਸਮਰੱਥਕ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ-ਚੀਨ ਤਣਾਅ ਦੌਰਾਨ ਭਾਰਤ ਨੂੰ ਹੀ ਗਲਤ ਠਹਿਰਾ ਕੇ ਸ਼ਹੀਦ ਹੋਏ ਜਵਾਨਾਂ ਦਾ ਅਪਮਾਣ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਿੱਖ ਫਾਰ ਜਸਟਿਸ ਸੰਗਠਨ ਪਹਿਲਾਂ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਹਵਾ ਦੇ ਕੇ ਮਾਹੌਲ ਖਰਾਬ ਕਰ ਰਿਹਾ ਹੈ।
ਕਾਂਗਰਸੀ ਨੇਤਾ ਬਿੱਟੂ ਨੇ ਕਿਹਾ ਹੈ ਕਿ ਪੰਨੂ ਇਸ ਸਮੇਂ ਚੀਨ ਦਾ ਸਮਰੱਥਨ ਕਰਕੇ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਰਚ ਰਿਹਾ ਹੈ, ਜਿਸ ਕਾਰਨ ਪੰਜਾਬ ‘ਚ ਫਿਰ ਤੋਂ ਮਾਹੌਲ ਵਿਗੜ੍ਹਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਅਮਰੀਕਾ ਦੀ ਧਰਤੀ ‘ਤੇ ਬੈਠ ਕੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੇਂਦਰ ਨੂੰ ਉੱਥੋਂ ਦੀ ਸਰਕਾਰ ਰਾਹੀਂ ਇਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਖਾਲਿਸਤਾਨ ਦਾ ਸਮਰੱਥਨ ਕਰਨ ‘ਤੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਜੈਜੀ ਬੀ ਖਿਲਾਫ ਵੀ ਕਾਰਵਾਈ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ। ਦੱਸਣਯੋਗ ਹੈ ਕਿ ਬੀਤੀ ਦਿਨੀਂ ਭਾਰਤ-ਚੀਨ ਸਰਹੱਦ ‘ਤੇ ਚੀਨੀ ਸੈਨਿਕਾਂ ਦੇ ਨਾਲ ਝੜਪ ਵਿੱਚ ਪੰਜਾਬ ਦੇ 5 ਜਵਾਨ ਸ਼ਹੀਦ ਹੋ ਗਏ ਸੀ।