patiala police arrest 5 for snatching mobiles: ਡੀ .ਐਸ.ਪੀ. ਪਟਿਆਲਾ ਸਿਟੀ 2 ਸੋਰਭ ਜਿੰਦਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮੋਬਾਈਲ ਦੀਆਂ ਖੋਹਾਂ ਕਰਨ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 21 ਮੋਬਾਈਲ ਤੇ 2 ਮੋਟਰ ਸਾਈਕਲ ਬਰਾਮਦ ਹੋਏ ਹਨ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ 6 ਨਵੰਬਰ ਨੂੰ ਰਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਲਹਿਲ ਕਲੋਨੀ ਸਾਈਕਲ ‘ਤੇ ਸਰਹਿੰਦ ਰੋਡ ‘ਤੇ ਆਪਣੇ ਘਰੇਲੂ ਕੰਮਕਾਰ ਦੇ ਸਬੰਧ ‘ਚ ਆਪਣੇ ਫੋਨ ‘ਤੇ ਗੱਲ ਕਰਦਾ ਜਾ ਰਿਹਾ ਸੀ ਤਾਂ ਆਪਣਾ ਢਾਬਾ ਸਰਹਿੰਦ ਰੋਡ ਕੋਲ ਕਰੀਬ ਸ਼ਾਮ 4.30 ਵਜੇ ਪਿੱਛੋ ਇਕ ਸਪਲੈਡਰ ਮੋਟਰ ਸਾਈਕਲ ਬਿਨਾਂ ਨੰਬਰ ‘ਤੇ ਦੋ ਮੋਨੇ ਨੌਜਵਾਨ ਆਏ ਅਤੇ ਉਸਦਾ ਮੋਬਾਈਲ ਮਾਰਕਾ ਰੈਡਮੀ 5-ਏ ਖੋਹ ਕੇ ਗੁਰਦੁਆਰਾ ਸਾਹਿਬ ਪਾਸੇ ਨੂੰ ਭੱਜ ਗਏ ਜਿਸ ਦੇ ਬਿਆਨ ‘ਤੇ ਮੁਕੱਦਮਾ ਨੰਬਰ 198 ਮਿਤੀ 07-11-2020 ਅ/ਧ 379-ਬੀ ਹਿੰ:ਦੰ:ਥਾਣਾ ਅਨਾਜ ਮੰਡੀ ਪਟਿਆਲਾ ਦਰਜ ਕੀਤਾ ਗਿਆ ਹੈ। ਇਸੇ ਤਰਾਂ ਹੀ ਚਰਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਣਜੀਤ ਨਗਰ ਦੀ ਸੂਚਨਾ ‘ਤੇ ਉਸ ਦਾ ਮੋਬਾਈਲ ਫੋਨ ਖੋਹਣ ਸਬੰਧੀ ਮੁਕੱਦਮਾ ਨੰਬਰ 200 8-11-2020 ਅ/ਧ 379-ਬੀ ਹਿੰ:ਦੰ: ਥਾਣਾ ਅਨਾਜ ਮੰਡੀ ਪਟਿਆਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਪੀ. ਸਿਟੀ ਵਰੁਣ ਸ਼ਰਮਾ ਅਤੇ ਡੀ.ਐਸ.ਪੀ ਸਿਟੀ-2 ਸੌਰਭ ਜਿੰਦਲ ਦੀ ਨਿਗਰਾਨੀ ਹੇਠ ਥਾਣਾ ਅਨਾਜ ਮੰਡੀ ਪਟਿਆਲਾ ਦੀ ਟੀਮ ਵੱਲੋਂ ਪੂਰੀ ਡੂੰਘਾਈ ਨਾਲ ਦੋਨਾਂ ਮੁਕੱਦਮਿਆਂ ਦੀ ਤਫਤੀਸ਼ ਕਰਦੇ ਹੋਏ 8 ਨਵੰਬਰ ਨੂੰ ਉਕਤ ਦੋਨਾਂ ਮੁਕੱਦਮਿਆਂ ਵਿਚ ਨਿਮਨਲਿਖਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 21 ਮੋਬਾਇਲ ਫ਼ੋਨ ਅਤੇ 2 ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਪਿਛਲੇ ਸਮੇਂ ਤੋਂ ਸ਼ਹਿਰ ਅੰਦਰ ਮੋਬਾਇਲ ਫ਼ਨ ਖੋਹਣ ਦੀਆ ਵਾਰਦਾਤਾਂ ਕਰ ਰਹੇ ਸਨ ਜਿੰਨ੍ਹਾਂ ਪਾਸੋ ਡੁੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਇਹਨਾਂ ਪਾਸੋ ਹੋਰ ਵੀ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।