Punjab First Coronaproof Court: ਲੁਧਿਆਣਾ: ਪੰਜਾਬ ਦੀ ਪਹਿਲੀ ਕੋਰੋਨਾ ਪਰੂਫ ਵਿਸ਼ੇਸ਼ ਰਿਮਾਂਡ ਕੋਰਟ ਲੁਧਿਆਣਾ ਵਿੱਚ ਲਗਭਗ ਤਿਆਰ ਹੋ ਚੁੱਕੀ ਹੈ। ਜਲਦ ਹੀ ਇੱਥੋਂ ਰਿਮਾਂਡ ਦੇ ਮਾਮਲਿਆਂ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ । ਇਸ ਵਿੱਚ ਜੱਜ ਅਤੇ ਉਸਦੇ ਸਟਾਫ ਲਈ ਇੱਕ ਵਿਸ਼ੇਸ਼ ਗਲਾਸ ਕੈਬਿਨ ਬਣਾਇਆ ਗਿਆ ਹੈ । ਕੈਬਿਨ ਦੇ ਅੰਦਰ ਹੀ ਬੈਠਕੇ ਜੱਜ ਰਿਮਾਂਡ ਦੇ ਕੇਸਾਂ ਦੀ ਸੁਣਵਾਈ ਕਰਨਗੇ। ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ । ਅਪੀਲ ਅਤੇ ਦਲੀਲ ਸਮਾਜਿਕ ਦੂਰੀ ਦਾ ਪਾਲਣ ਕਰਦਿਆਂ ਕੀਤੀ ਜਾਵੇਗੀ।
ਦਰਅਸਲ, ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ 2 ਮੁਲਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉੱਥੇ ਮੌਜੂਦ ਰਹੇ 2 ਜੁਡੀਸ਼ੀਅਲ ਅਫਸਰਾਂ ਤੋਂ ਇਲਾਵਾ 14 ਸਟਾਫ ਦੇ ਕਰਮਚਾਰੀ, ਵਕੀਲ ਅਤੇ ਪੁਲਿਸ ਮੁਲਾਜ਼ਮਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ । ਅਜਿਹੇ ਮਾਮਲਿਆਂ ਦੇ ਕਾਰਨ ਇੱਕ ਪਾਜ਼ੀਟਿਵ ਸਮੇਤ 8 ਜੁਡੀਸ਼ੀਅਲ ਅਫਸਰਾਂ ਤੋਂ ਇਲਾਵਾ ਲਗਭਗ 50 ਸਟਾਫ ਅਤੇ ਪੁਲਿਸ ਕਰਮਚਾਰੀਆਂ, 4 ਸਰਕਾਰੀ ਵਕੀਲ ਵੀ ਕੁਆਰੰਟੀਨ ਹੋ ਚੁੱਕੇ ਹਨ।
ਇਸ ਲਈ ਅਦਾਲਤਾਂ ਵਿੱਚ ਸੰਕਰਮਣ ਦੇ ਵੱਧ ਰਹੇ ਕੇਸਾਂ ਦੇ ਕਾਰਨ ਇੱਥੇ ਫੁਲਪਰੂਫ ਵਿਸ਼ੇਸ਼ ਅਦਾਲਤ ਤਿਆਰ ਕੀਤੀ ਗਈ ਹੈ। ਰਿਮਾਂਡ ਦੇ ਸਾਰੇ ਮਾਮਲਿਆਂ ਦੀ ਸੁਣਵਾਈ ਕੋਰਟ ਨੰਬਰ ਦੋ ਵਿੱਚ ਹੋਵੇਗੀ । ਬੁੱਧਵਾਰ ਨੂੰ ਵਿਸ਼ੇਸ਼ ਅਦਾਲਤ ਦੇ ਜ਼ਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਜਾਇਜ਼ਾ ਲਿਆ ਅਤੇ ਸਟਾਫ਼ ਕਰਮੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ । ਸੇਵਾਮੁਕਤ ਵਧੀਕ ਸੈਸ਼ਨ ਜੱਜ ਐਸ ਕੇ ਸ਼ਰਮਾ ਦੇ ਅਨੁਸਾਰ ਹਾਈਕੋਰਟ ਨੇ ਹਰ ਜ਼ਿਲ੍ਹਾ ਹੈੱਡਕੁਆਰਟਰ ਅਤੇ ਤਹਿਸੀਲ ਪੱਧਰ ‘ਤੇ ਅਜਿਹੀਆਂ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ।