ਰੂਪਨਗਰ ਜ਼ਿਲ੍ਹਾ ਦੇ ਬਲਾਕ ਨੂਰਪੁਰਬੇਦੀ ’ਚ ਪੈਂਦੇ ਪਿੰਡ ਸਾਊਪੁਰ (ਬੜੀਵਾਲ) ਦੇ ਭਾਰਤੀ ਫੌਜ਼ ’ਚ ਤਾਇਨਾਤ ਇਕ 26 ਸਾਲਾ ਨੌਜਵਾਨ ਸੈਨਿਕ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਦੁੱਖ਼ਭਰੀ ਖ਼ਬਰ ਮਿਲੀ ਹੈ। ਉਕਤ 19 ਸਿੱਖ ਰੈਜੀਮੈਂਟ ਦਾ ਸੈਨਿਕ ਗੁਰਪ੍ਰੀਤ ਸਿੰਘ ਹੈੱਪੀ ਪੁੱਤਰ ਗੁਰਦੇਵ ਸਿੰਘ ਇਸ ਸਮੇਂ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ’ਚ ਪੈਂਦੇ ਤਿਬੜੀ ਕੈਂਟ (ਪੁਰਾਣਾ ਸ਼ਾਲਾ) ਵਿਖੇ ਡਿਊਟੀ ਨਿਭਾ ਰਿਹਾ ਸੀ। ਬੀਤੀ ਰਾਤ ਤਿਬੜੀ ਕੈਂਟ ਤੋਂ ਫ਼ੌਜ ਦੇ ਅਧਿਕਾਰੀਆਂ ਨੇ ਟੈਲੀਫੋਨ ਕਰਕੇ ਸੈਨਿਕ ਦੇ ਪਰਿਵਾਰ ਨੂੰ ਉਕਤ ਸੂਚਨਾ ਦਿੱਤੀ। ਉਕਤ ਜਵਾਨ ਦਾ ਕਰੀਬ ਸਾਢੇ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਉਕਤ ਖ਼ਬਰ ਮਿਲਦਿਆਂ ਹੀ ਤਿਬੜੀ ਕੈਂਟ ਲਈ ਸੈਨਿਕ ਦੇ ਪਿਤਾ ਗੁਰਦੇਵ ਸਿੰਘ ਨਾਲ ਰਵਾਨਾ ਹੋਏ। ਮੌਤ ਦੀ ਖ਼ਬਰ ਸੁਣ ਕੇ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਪਿੰਡ ਵਿਚ ਵੀ ਸੋਗ ਦੀ ਲਹਿਰ ਦੌੜ ਪਈ ਹੈ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਹਰਮੇਸ਼ ਸਿੰਘ ਨੇ ਫ਼ੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਮਿਲੀ ਸਮੁੱਚੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਪਾਹੀ ਗੁਰਪ੍ਰੀਤ ਸਿੰਘ ਸਾਮੀਂ ਕਰੀਬ ਸਾਢੇ 6 ਵਜੇ ਕੈਂਟ ਵਿਖੇ ਡਿਊਟੀ ’ਤੇ ਤਾਇਨਾਤ ਸੀ। ਇਸ ਦੌਰਾਨ ਜਦੋਂ ਕੈਂਟ ਵਿਖੇ ਡਿਊਟੀ ਦੇ ਰਹੇ ਕੁਝ ਹੋਰਨਾਂ ਸੈਨਿਕਾਂ ਦੀ ਨਜ਼ਰ ਉਸ ’ਤੇ ਪਈ ਤਾਂ ਸਿਪਾਹੀ ਗੁਰਪ੍ਰੀਤ ਸਿੰਘ ਅਪਣੇ ਡਿਊਟੀ ਵਾਲੇ ਕਮਰੇ ’ਚ ਡਿੱਗਿਆ ਹੋਇਆ ਸੀ। ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣ ਲਈ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਸੈਨਿਕ ਦੀ ਮੌਤ ਦੇ ਕਾਰਨਾਂ ਸਬੰਧੀ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਸੈਨਿਕ ਦੀ ਮ੍ਰਿਤਕ ਦੇਹ ਦਾ ਅੱਜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਤੋਂ ਬਾਅਦ ਹੀ ਅਚਾਨਕ ਹੋਈ ਇਸ ਮੌਤ ਦੇ ਅਸਲ ਕਾਰਨਾਂ ਸਬੰਧੀ ਪਤਾ ਚੱਲ ਸਕੇਗਾ। ਅੱਜ ਸ਼ਾਮੀਂ ਸੈਨਿਕ ਦੀ ਮ੍ਰਿਤਕ ਦੇਹ ਦੇ ਜੱਦੀ ਪਿੰਡ ਪਹੁੰਚਣ ਦੀ ਆਸ ਹੈ।
ਸੈਨਿਕ ਦੀ ਪਤਨੀ ਦੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਸੀ ਸੁੱਕੀ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਸੈਨਿਕ ਦਾ ਇਕ ਭਰਾ ਵਰਿੰਦਰਪਾਲ ਸਿੰਘ ਵੀ ਭਾਰਤੀ ਫ਼ੌਜ ’ਚ ਸੇਵਾ ਨਿਭਾ ਰਿਹਾ ਹੈ। ਸੈਨਿਕ ਗੁਰਪ੍ਰੀਤ ਸਿੰਘ 20 ਸਾਲ ਦੀ ਉਮਰ ’ਚ ਕਰੀਬ 6 ਸਾਲ ਪਹਿਲਾਂ ਹੀ ਫ਼ੌਜ ’ਚ ਭਰਤੀ ਹੋਇਆ ਸੀ। ਖੇਡਾਂ ਅਤੇ ਪੜਾਈ ’ਚ ਅੱਵਲ ਰਹਿਣ ਵਾਲੇ ਇਸ ਸੈਨਿਕ ’ਚ ਪਹਿਲਾਂ ਤੋਂ ਹੀ ਦੇਸ਼ ਸੇਵਾ ਦਾ ਜਜ਼ਬਾ ਸਮੋਇਆ ਹੋਇਆ ਸੀ। ਸੈਨਿਕ ਗੁਰਪ੍ਰੀਤ ਸਿੰਘ ਦਾ 15 ਫਰਵਰੀ ਨੂੰ ਸਾਢੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਜਿਸ ਦੀ ਵਿਧਵਾ ਦੀ ਅਜੇ ਤਾਈਂ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਸੁੱਕੀ ਕਿ ਜਿਸ ’ਤੇ ਪਤੀ ਦੀ ਮੌਤ ਜਦਕਿ ਮਾਪਿਆਂ ਅਤੇ ਪਰਿਵਾਰ ’ਤੇ ਨੌਜਵਾਨ ਪੁੱਤ ਦੀ ਮੌਤ ਦੇ ਦੁੱਖ਼ ਦਾ ਪਹਾੜ ਟੁੱਟ ਪਿਆ। ਨੌਜਵਾਨ ਸੈਨਿਕ ਦੀ ਮੌਤ ਨਾਲ ਜਿੱਥੇ ਉਸ ਦੀ ਪਤਨੀ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਸਮੁੱਚੇ ਪਿੰਡ ’ਚ ਵੀ ਮਾਤਮ ਛਾਇਆ ਹੋਇਆ ਹੈ।