Teens tragic accident deaths: ਸ਼ਨੀਵਾਰ ਦੇਰ ਰਾਤ ਤਕਰੀਬਨ 1:30 ਵਜੇ ਰੋਪੜ-ਨਵਾਂਸ਼ਹਿਰ ਰੋਡ ‘ਤੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ 6 ਨੌਜਵਾਨਾਂ ਦੀ ਮੌਤ ਹੋ ਗਈ ਅਤੇ 2 ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ ਹੈ ।
ਦਰਅਸਲ, ਪਹਿਲੇ ਸੜਕ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਜੀਤ ਸਿੰਘ (26), ਅੰਕਿਤ ਗਾਂਧੀ (24) ਅਤੇ ਅਮਨਦੀਪ ਸਿੰਘ (24) ਵਜੋਂ ਹੋਈ ਹੈ ਅਤੇ ਇਸ ਹਾਦਸੇ ਵਿੱਚ ਜ਼ਖਮੀਆਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਅੰਕੁਸ਼ ਪਠਾਣੀਆ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜ ਨੌਜਵਾਨ ਪਠਾਨਕੋਟ ਤੋਂ ਇੱਕ ਕੈਰੇਟਾ ਕਾਰ (ਪੀਬੀ -35 ਏਈ -3521) ਵਿੱਚ ਸਵਾਰ ਹੋ ਕੇ ਚੰਡੀਗੜ੍ਹ ਜਾ ਰਹੇ ਸਨ ਤੇ ਜਦੋਂ ਉਹ ਰਾਤ 1.30 ਵਜੇ ਰਿਆਤ ਕਾਲਜ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਰੱਕ (ਪੀਬੀ -07 ਬੀਵੀ- 4525) ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕ੍ਰੇਟਾ ਕਾਰ ਦੇ ਪਰਖੱਚੇ ਉੱਡ ਗਏ। ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਦੇਖਦਿਆਂ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਅੰਕਿਤ ਗਾਂਧੀ ਦੇ ਘਰ 9 ਨਵੰਬਰ ਨੂੰ ਉਸਦੀ ਭੈਣ ਦਾ ਵਿਆਹ ਸੀ ਅਤੇ ਇਸ ਕਾਰਨ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ, ਪਰ ਭੈਣ ਦੇ ਜਾਣ ਤੋਂ ਪਹਿਲਾਂ ਘਰ ਵਿੱਚ ਸੋਗ ਛਾ ਗਿਆ।
ਉਥੇ ਹੀ ਦੂਜੇ ਪਾਸੇ ਪਿੰਡ ਕਾਠਗੜ੍ਹ ਨੇੜੇ ਵਾਪਰੇ ਦੂਸਰੇ ਸੜਕ ਹਾਦਸੇ ਵਿੱਚ ਇੱਕ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ । ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਨਵਜੋਤ ਸਿੰਘ, ਹਰਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕ ਨਵਜੋਤ ਸਿੰਘ ਦੇ ਪਿਤਾ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਅਤੇ ਸੰਜੀਵ ਕੁਮਾਰ ਪਿੰਡ ਚਾਹਲਾ ਨੇੜੇ ਕਾਠਗੜ੍ਹ ਦੀ ਇੱਕ ਦੁਕਾਨ ‘ਤੇ ਕੰਮ ਕਰਦੇ ਸਨ ਅਤੇ ਤੀਸਰਾ ਨੌਜਵਾਨ ਹਰਵਿੰਦਰ ਸਿੰਘ ਉਨ੍ਹਾਂ ਨੂੰ ਦੁਕਾਨ ਤੋਂ ਲੈਣ ਗਿਆ ਸੀ ਅਤੇ ਜਦੋਂ ਉਹ ਪਿੰਡ ਵੱਲ ਆ ਰਹੇ ਸੀ ਤਾਂ ਗਲਤ ਪਾਸਿਓਂ ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ (ਪੀਬੀ 3232-1737) ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਤਿੰਨਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਸਿਵਲ ਹਸਪਤਾਲ ਰੋਪੜ ਵਿੱਚ ਮ੍ਰਿਤਕਾਂ ਦੇ ਪੋਸਟ ਮਾਰਟਮ ਤੋਂ ਬਾਅਦ ਏਐਸਆਈ ਰਜਿੰਦਰ ਕੁਮਾਰ ਅਤੇ ਏਐਸਆਈ ਦੇਵ ਰਾਜ ਨੇ ਮ੍ਰਿਤਕ ਦੇਹਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।