The protest march : ਮੋਗਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸੰਗਰੂਰ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ‘ਚ ਵਰਕਰਾਂ ਨਾਲ ਬੈਠਕ ਕਰਨ ਪੁੱਜੇ। ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ 1 ਅਕਤੂਬਰ ਨੂੰ SAD ਵੱਲੋਂ ਕੱਢਿਆ ਜਾ ਰਿਹਾ ਰੋਸ ਮਾਰਚ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ। 1 ਅਕਤੂਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ‘ਚ ਮਾਰਚ ਕੱਢਿਆ ਜਾਵੇਗਾ। ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਮਾਰਚ ਕੱਢਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਦਾ ਅਸਰ ਸਿਰਫ ਕਿਸਾਨੀ ‘ਤੇ ਹੀ ਨਹੀਂ ਸਗੋਂ ਆੜ੍ਹਤੀਆਂ, ਮਜ਼ਦੂਰਾਂ ਤੇ ਵਪਾਰੀਆਂ ‘ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ NDA ਬਣਾਉਣ ਵਾਲੀ ਭਾਜਪਾ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਹੈ। ਜਦੋਂ NDA ਬਣਿਆ ਸੀ ਤਾਂ ਉਦੋਂ ਭਾਜਪਾ ਕੋਲ ਸਿਰਫ ਦੋ ਹੀ ਸੰਸਦ ਮੈਂਬਰ ਸਨ। ਸ. ਬਾਦਲ ਨੇ ਕਿਹਾ ਕਿ ਕੈਪਟਨ ਨੇ ਆਪਣੇ ਚੋਣ ਮੈਨੀਫੈਸਟੋ ‘ਚ ਕਿਹਾ ਸੀ ਕਿ ਮੈਂ ਜਦੋਂ ਮੁੱਖ ਮੰਤਰੀ ਬਣਾਂਗਾ ਤਾਂ ਸਾਰੀਆਂ ਮੰਡੀਆਂ ਪ੍ਰਾਈਵੇਟ ਕਰ ਦੇਵਾਂਗਾ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਪੰਜਾਬ ‘ਚ ਲਾਗੂ ਕੀਤਾ ਗਿਆ ਐਕਟ ਰੱਦ ਕੀਤਾ ਜਾਵੇ। ਸ. ਬਾਦਲ ਨੇ ਕਿਹਾ ਕਿ ਖੇਤੀ ਕਾਨੂੰਨ ਨੂੰ ਜਨਮ ਦੇਣ ਵਾਲੇ ਕਾਂਗਰਸੀ ਹੀ ਸਨ। ਸੁਖਬੀਰ ਬਾਦਲ ਨੇ ਦੱਸਿਆ ਕਿ ਪਿਛਲੀਆਂ ਰੈਲੀਆਂ 20 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੁੰਦੇ ਸਨ ਤੇ ਕਿਹਾ ਜਾਂਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਇਕੱਠ ਹੈ ਜਦਕਿ ਉਸ ਰੈਲੀ ‘ਚ BJP ਦੇ ਸਿਰਫ 2000 ਵਰਕਰ ਹੀ ਰੈਲੀਆਂ ‘ਚ ਪੁੱਜਦੇ ਸਨ।
ਇਸ ਮੌਕੇ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੁੰਦਾਂ, ਪ੍ਰਕਾਸ਼ ਚੰਦ ਗਰਗ, ਹਰੀ ਸਿੰਘ ਨਾਭਾ, ਗੁਲਜਾਰ ਸਿੰਘ ਮੂਣਕ, ਮੁਹੰਮਦ ਉਵੈਸ, ਗਗਨਜੀਤ ਸਿੰਘ ਬਰਨਾਲਾ, ਰਵਿੰਦਰ ਸਿੰਘ ਚੀਮਾ, ਗਿਆਨੀ ਨਿਰੰਜਣ ਸਿੰਘ ਭੁਟਾਲ, ਵਿਨਰਜੀਤ ਸਿੰਘ ਗੋਲਡੀ, ਰਾਜਿੰਦਰ ਦੀਪਾ, ਪਰਮਜੀਤ ਕੌਰ ਵਿਰਕ ਤੇ ਤੇਜਾ ਸਿੰਘ ਕਮਾਲਪੁਰ ਮੌਜੂਦ ਰਹੇ।