Wife kills husband : ਸੰਗਰੂਰ : ਜਦੋਂ ਇਨਸਾਨ ਪਿਆਰ ‘ਚ ਅੰਨ੍ਹਾ ਹੋ ਜਾਂਦਾ ਹੈ ਤਾਂ ਉਸ ਨੂੰ ਚੰਗੇ-ਬੁਰੇ ਦੀ ਸਮਝ ਭੁੱਲ ਜਾਂਦੀ ਹੈ ਤੇ ਫਿਰ ਇਸ ਲਈ ਉਹ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਨਹੀਂ ਸੋਚਦਾ। ਅਜਿਹਾ ਹੀ ਇੱਕ ਮਾਮਲਾ ਜਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਪਤਨੀ ਨੇ ਪ੍ਰੇਮੀ ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਪਤੀ ਦਾ ਕਤਲ ਕਰ ਦਿੱਤਾ। ਦੋਸ਼ ਹੈ ਕਿ ਘਟਨਾ ਤੋਂ ਬਾਅਦ ਦੋਸ਼ੀ ਪਤਨੀ ਖੂਨ ਨਾਲ ਲੱਥਪੱਥ ਪਤੀ ਨੂੰ ਇਲਾਜ ਲਈ ਹਸਪਤਾਲ ਵੀ ਲੈ ਕੇ ਗਈ ਪਰ ਪਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੇ ਦਮ ਤੋੜ ਦਿੱਤਾ। ਘਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਪ੍ਰੇਮੀ ਦੇ ਨਜ਼ਰ ਆਉਣ ਨਾਲ ਸੱਚਾਈ ਸਾਹਮਣੇ ਆ ਗਈ।
ਪੁਲਿਸ ਨੇ ਮ੍ਰਿਤਕ ਦੀ ਭੈਣ ਦੀ ਸ਼ਿਕਾਇਤ ‘ਤੇ ਦੋਸ਼ੀ ਪਤਨੀ, ਉਸ ਦੇ ਪ੍ਰੇਮੀ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਜੰਡਿਆਲਾ ਮੰਜੋਕੀ ਨਿਵਾਸੀ ਹਰਪ੍ਰੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਉਸ ਦੇ ਪਿਤਾ ਦਾ ਕਾਫੀ ਸਮੇਂ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਸ ਦੇ ਛੋਟੇ ਭਰਾ ਸਤਵੀਰ ਸਿੰਘ (33) ਦਾ ਵਿਆਹ ਲਗਭਗ 8 ਸਾਲ ਪਹਿਲਾਂ ਪਿੰਡ ਮਾਣੂੰਕੇ (ਮੋਗਾ) ਦੀ ਵੀਰਪਾਲ ਕੌਰ ਨਾਲ ਹੋਇਆ ਸੀ। ਭਰਾ ਕੋਲ 7 ਅਤੇ ਸਾਢੇ 5 ਸਾਲ ਦੇ ਦੋ ਬੇਟੇ ਹਨ। ਵੀਰਵਾਰ ਦੀ ਰਾਤ ਉਸ ਦੀ ਮਾਤਾ ਪ੍ਰੀਤ ਕੌਰ ਤੇ ਦੋਵੇਂ ਪੋਤਿਆਂ ਨਾਲ ਵੱਖਰੇ ਕਮਰੇ ‘ਚ ਸੌਂ ਗਈ ਸੀ।
ਸਤਵੀਰ ਤੇ ਵੀਰਪਾਲ ਬੈੱਡਰੂਮ ‘ਚ ਸੌਂ ਰਹੇ ਸਨ। ਘਰ ਦੇ ਮੁੱਖ ਗੇਟ ਨੂੰ ਅੰਦਰ ਤੋਂ ਤਾਲਾ ਲੱਗਾ ਹੋਇਆ ਸੀ ਜਦੋਂ ਕਿ ਛੋਟਾ ਗੇਟ ਅੰਦਰ ਤੋਂ ਬੰਦ ਸੀ। ਰਾਤ ਨੂੰ ਲਗਭਗ 12.30 ਵਜੇ ਵੀਰਪਾਲ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਮਾਤਾ ਦੀ ਨੀਂਦ ਖੁੱਲ੍ਹ ਗਈ। ਉਹ ਦੇਖਣ ਲਈ ਸਤਵੀਰ ਦੇ ਕਮਰੇ ਵੱਲ ਦੌੜੀ। ਮਾਤਾ ਨੇ ਦੇਖਿਆ ਕਿ ਸਤਵੀਰ ਦੇ ਕਮਰੇ ਤੋਂ ਚਾਰ ਵਿਅਕਤੀ ਭੱਜ ਰਹੇ ਸਨ, ਉਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ‘ਚ ਤੇਜ਼ਧਾਰ ਹਥਿਆਰ ਸਨ। ਭੈਣ ਨੇ ਦੱਸਿਆ ਕਿ ਵੀਰਪਾਲ ਦੇ ਪਿੰਡੀ ਢਿੱਲਵਾਂ ਦੇ ਰਾਜਿੰਦਰ ਸਿੰਘ ਉਰਫ ਵਿੱਕੀ ਨਾਲ ਨਾਜਾਇਜ਼ ਸਬੰਧ ਸਨ ਜਿਸ ‘ਤੇ ਭਰਾ ਉਸ ਨੂੰ ਰੋਕਦਾ ਸੀ ਤੇ ਕਈ ਵਾਰ ਦੋਵਾਂ ‘ਚ ਬਹਿਸ ਵੀ ਹੋਈ। 2019 ‘ਚ ਵੀਰਪਾਲ ਨੇ ਆਪਣੇ ਭਰਾ ਬਲਜੀਤ ਸਿੰਘ ਤੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਸਤਵੀਰ ਦੀ ਮਾਰਕੁੱਟ ਵੀ ਕੀਤੀ ਸੀ ਤੇ ਵੀਰਪਾਲ ਆਪਣੇ ਪੇਕੇ ਮਾਣੂੰਕੇ ਚਲੀ ਗਈ ਸੀ ਜਿਸ ਤੋਂ ਬਾਅਦ ਵੀਰਪਾਲ ਕੌਰ ਤੇ ਰਾਜਿੰਦਰ ਸਿੰਘ ਵਿਦੇਸ਼ ਚਲੇ ਗਏ। 2 ਮਹੀਨੇ ਪਹਿਲਾਂ ਹੀ ਉਹ ਵਾਪਸ ਪਰਤੇ ਜਿਸ ਤੋਂ ਬਾਅਦ ਪੰਚਾਇਤੀ ਤੌਰ ‘ਤੇ ਦੋਵਾਂ ਦਰਮਿਆਨ ਸਮਝੌਤਾ ਹੋ ਗਿਆ ਤੇ ਵੀਰਪਾਲ ਵਾਪਸ ਆ ਗਈ ਪਰ ਵਾਪਸ ਆ ਕੇ ਉਸ ਨੇ ਆਪਣੇ ਪ੍ਰੇਮੀ ਰਾਜਿੰਦਰ ਸਿੰਘ ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਸਤਵੀਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।