Woman home theft ludhiana: ਬੀਤੇ ਦਿਨੀਂ ਲੁਧਿਆਣਾ ਦੇ ਸਥਾਨਕ ਨਿਊ ਹੀਰਾ ਨਗਰ ਦੇ ਇਕ ਘਰ ਵਿੱਚ ਚੋਰੀ ਹੋਈ ਸੀ, ਜਿਸ ਦਾ ਭੇਤ ਉਸ ਸਮੇਂ ਖੁੱਲ੍ਹ ਗਿਆ, ਜਦ ਪੁਲਿਸ ਨੇ ਵਾਰਦਾਤ ਦੇ ਸਮੇਂ ਘਰ ਵਿੱਚ ਮੌਜੂਦ ਔਰਤ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਇਹ ਮਾਮਲਾ 15 ਜੂਨ ਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰਸਾਰ ਉਹ ਆਪਣੇ ਪੁੱਤਰ ਅਮਰਜੀਤ ਸਿੰਘ ਨਾਲ ਫੈਕਟਰੀ ਗਿਆ ਹੋਇਆ ਸੀ ਅਤੇ ਘਰ ਵਿੱਚ ਉਸ ਦੀ ਨੂੰਹ ਰਛਨੀਤ ਕੌਰ ਇਕੱਲੀ ਮੌਜੂਦ ਸੀ। ਇਸ ਦੌਰਾਨ ਕੁਝ ਸਮੇਂ ਬਾਅਦ ਉਸ ਦੀ ਨੂੰਹ ਦਾ ਫੋਨ ਆਇਆ ਅਤੇ ਉਹ ਕਾਫੀ ਰੋ ਰਹੀ ਸੀ। ਜਦੋਂ ਉਹ ਦੋਵੇਂ ਘਰ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਦੇ ਸਿਰ ਵਿੱਚ ਸੱਟ ਲੱਗੀ ਹੋਈ ਸੀ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਜ਼ਮੀਨ ‘ਤੇ ਡਿੱਗੀ ਪਈ ਸੀ ਅਤੇ ਅਲਮਾਰੀਆਂ ਦਾ ਸਾਰੇ ਸਾਮਾਨ ਦੀ ਫਰੋਲਾ-ਫਰੋਲੀ ਕਰ ਕੇ ਬੈੱਡਾਂ ਦੇ ਉੱਪਰ ਖਿਲਾਰਿਆ ਹੋਇਆ ਸੀ। ਕੁਝ ਸਮੇਂ ਬਾਅਦ ਜਦੋਂ ਰਛਨੀਤ ਕੌਰ ਨੂੰ ਹੋਸ਼ ਆਈ ਤਾਂ ਉਸ ਨੇ ਦੱਸਿਆ ਕਿ ਘਰ ਵਿੱਚ 2 ਅਣਪਛਾਤੀਆਂ ਔਰਤਾਂ ਜਬਰਦਸਤੀ ਦਾਖਲ ਹੋਈਆਂ ਸੀ ਅਤੇ ਉਸ ਦੇ ਸਿਰ ਵਿੱਚ ਸੱਟ ਮਾਰ ਕੇ ਗਹਿਣੇ ਅਤੇ ਪੈਸੇ ਲੁੱਟ ਕੇ ਫਰਾਰ ਹੋ ਗਈਆਂ । ਦੂਜੇ ਪਾਸੇ ਜਦੋਂ ਪੁਲਸ ਨੇ ਇਸ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਰਛਨੀਤ ਕੌਰ ਤੋਂ ਪੁੱਛ ਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ। ਰਛਨੀਤ ਕੌਰ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਜਿਸ ਕਾਰਨ ਉਸ ਨੇ ਇਹ ਸਾਜ਼ਿਸ਼ ਰਚੀ ਅਤੇ ਆਪਣੇ ਮਾਤਾ ਪਿਤਾ ਦੀ ਮਦਦ ਨਾਲ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਫਿਲਹਾਲ ਪੁਲਿਸ ਵੱਲੋਂ ਗਹਿਣੇ ਅਤੇ ਨਕਦੀ ਬਰਾਮਦ ਕੀਤੇ ਜਾ ਚੁੱਕੇ ਹਨ।