ਸਮਰਾਲਾ ਪੁਲਿਸ ਨੇ 10 ਦਿਨ ਪਹਿਲਾ ਕਾਰ ਸਵਾਰ ਲੁਟੇਰਿਆਂ ਵੱਲੋਂ ਇੱਕ ਕੀਟਨਾਸ਼ਕ ਕੰਪਨੀ ਦੇ ਸੇਲਜਮੈਨਾਂ ਤੋਂ ਪਿਸਤੌਲ ਦੀ ਨੋਕ ’ਤੇ 16 ਲੱਖ 94 ਹਜ਼ਾਰ ਰੁਪਏ ਦੀ ਲੁੱਟ ਕਰਨ ਵਾਲੇ ਚਾਰ ਲੁਟੇਰਿਆਂ ਨੂੰ ਅੱਜ ਗਿ੍ਰਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਗਿ੍ਰਫਤਾਰ ਕੀਤੇ ਇਨਾਂ ਲੁਟੇਰਿਆਂ ਪਾਸੋਂ ਲੁੱਟੀ ਗਈ ਰਕਮ ਵਿੱਚੋਂ 3 ਲੱਖ 60 ਹਜਾਰ ਰੁਪਏ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਲੁੱਟ ਦੀ ਵਾਰਦਾਤ ਵੇਲੇ ਵਰਤੀ ਗਈ ਕਾਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐਚ. ਓ. ਸਮਰਾਲਾ ਕੁਲਵੰਤ ਸਿੰਘ ਨੇ ਦੱਸਿਆ ਕਿ, ਜਤਿਨ ਸ਼ਰਮਾ ਵਾਸੀ ਏਕਤਾ ਕਾਲੋਨੀ, ਰਾਜਪੁਰਾ ਨੇ ਆਪਣੇ ਰਿਸ਼ਤੇਦਾਰ ਵਿਜੇ ਕੁਮਾਰ ਵਾਸੀ ਰਾਜਪੁਰਾ ਦੇ ਕਹਿਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ’ਚ ਉਸ ਨਾਲ 2 ਹੋਰ ਸਾਥੀ ਸੰਦੀਪ ਸਿੰਘ ਅਤੇ ਸਤਪਾਲ ਸਿੰਘ ਵਾਸੀ ਰੂਦਰਪੁਰ (ਉੱਤਰਾਖੰਡ) ਵੀ ਸ਼ਾਮਲ ਸਨ। ਵਿਜੇ ਕੁਮਾਰ ਖਿਲਾਫ ਪਹਿਲਾਂ ਵੀ ਉੱਤਰਾਖੰਡ ’ਚ ਮੁਕਦਮਾ ਦਰਜ ਹੈ, ਜਿੱਥੇ ਉਸਦੀ ਮੁਲਾਕਾਤ ਜੇਲ ਵਿੱਚ ਸੰਦੀਪ ਅਤੇ ਸਤਪਾਲ ਨਾਲ ਹੋਈ ਸੀ। ਐੱਸ. ਪੀ. ਦਾ ਕਹਿਣਾ ਹੈ, ਕਿ ਉਕਤ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ।