ਉਪ ਮੰਡਲ ਤਲਵੰਡੀ ਸਾਬੋ ਨਾਲ ਲੱਗਦੇ ਪਿੰਡ ਕੌਰੇਆਣਾ ਵਿੱਚ ਬਿਜਲੀ ਦਾ ਖੰਭਾ ਡਿੱਗ ਕੇ ਵਿਦਿਆਰਥਣ ਦੀ ਮੌਤ ਹੋਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਉਸ ਵਿਦਿਆਰਥਣ ਦੇ ਮਾਪੇ ਤੇ ਦਲਿਤ ਆਗੂ ਪਾਵਰਕਾਮ ਦੀ ਅਣਗਹਿਲੀ ਦੱਸ ਕੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਪਿੰਡ ਕੋਰੇਆਣਾ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਸਕੂਲ ਵਿੱਚ ਬੁਲਾਉਣ ‘ਤੇ ਵਰਦੀ ਪਾ ਕੇ ਤਿਆਰ ਹੋ ਕੇ ਸਕੂਲ ਜਾ ਹੀ ਰਹੀ ਸੀ ਕਿ ਅਚਾਨਕ ਬਿਜਲੀ ਦਾ ਇਕ ਟੁੱਟਿਆ ਹੋਇਆ ਖੰਭਾ ਡਿੱਗ ਕੇ ਉਸਦੇ ਸਿਰ ‘ਚ ਵੱਜਾ ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਵਾਰਸਾਂ ਤੇ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਦੱਸਿਆ ਕਿ ਇਹ ਪਾਵਰਕਾਮ ਦੀ ਕਥਿਤ ਅਣਗਹਿਲੀ ਹੈ ਕਿ ਪਿੰਡਾਂ ਵਿੱਚ ਟੁੱਟੇ ਹੋਏ ਖੰਭੇ ਲਾਏ ਹੋਏ ਹਨ ਜਿਸ ਦੀ ਸਮੇਂ ਸਮੇਂ ‘ਤੇ ਮੁਰੰਮਤ ਨਹੀਂ ਕੀਤੀ ਜਾਂਦੀ ਤੇ ਨਿੱਤ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਇਸੇ ਲੜਕੀ ਨਾਲ ਹੀ ਅਜਿਹਾ ਹੀ ਵਾਪਰਿਆ ਹੈ ਉਨ੍ਹਾਂ ਜਿੱਥੇ ਪ੍ਰਸ਼ਾਸਨ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉੱਥੇ ਹੀ ਮ੍ਰਿਤਕਾਂ ਦੇ ਗ਼ਰੀਬ ਵਾਰਸਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਉੱਧਰ ਖਬਰ ਲਿਖਣ ਵੇਲੇ ਤੱਕ ਪੁਲਿਸ ਬਣਦੀ ਕਾਰਵਾਈ ਕਰ ਰਹੀ ਸੀ ਤੇ ਮ੍ਰਿਤਕ ਦੀ ਲਾਸ਼ ਤਲਵੰਡੀ ਸਾਬੋ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਵਰਕਾਮ ਪਿੰਡਾਂ ਵਿੱਚ ਲੱਗੇ ਹੋਏ ਟੁੱਟੇ ਖੰਭੇ ਕਦੋਂ ਬਦਲਦਾ ਹੈ ਜਾਂ ਅਜਿਹੇ ਹੋਰ ਹਾਦਸੇ ਕਦੋਂ ਰੁਕਣਗੇ। ਉੱਧਰ ਕਿਰਨਜੀਤ ਸਿੰਘ ਗਹਿਰੀ ਨੇ ਤਲਵੰਡੀ ਸਾਬੋ ਦੇ ਐਸਡੀਐਮ ਤੇ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ‘ਤੇ ਵੀ ਸਵਾਲ ਚੁੱਕੇ ਹਨ।