ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਏ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਲੀ ਵਿੱਚ ਦਿੱਤੇ ਜਾ ਰਹੇ ਧਰਨਿਆਂ ਨੂੰ 10 ਮਹੀਨੇ ਦਾ ਸਮਾਂ ਹੋ ਗਿਆ। ਜਿਸਦੇ ਸਬੰਧ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਫਤਹਿਗੜ੍ਹ ਸਾਹਿਬ ਦੇ ਵਿਚ ਭਰਵਾਂ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ ਹੈ। ਫਤਹਿਗੜ੍ਹ ਸਾਹਿਬ ਵਿਖੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਵੱਲੋਂ ਰੋਡ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਥੇ ਜਿਆਦਾਤਰ ਦੁਕਾਨਦਾਰਾਂ ਵਲੋ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਦਾ ਸਹਿਯੋਗ ਦਿੱਤਾ ਗਿਆ ਉੱਥੇ ਹੀ ਪੁਰਾਣੀ ਸਰਹਿੰਦ ਦੇ ਕੋਲ ਕੁਝ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹੀਆਂ ਗਈਆਂ ਜਿੱਥੇ ਮਹਿਲਾ ਕਿਸਾਨ ਮਜ਼ਦੂਰ ਯੂਨੀਅਨ ਦੀਆਂ ਵਿਧੀਆਂ ਵੱਲੋਂ ਪਹੁੰਚ ਕੇ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ। ਜਿਸ ਨੂੰ ਲੈ ਕੇ ਕਿਸਾਨ ਬੀਬੀਆਂ ਅਤੇ ਦੁਕਾਨਦਾਰਾਂ ਵਿੱਚ ਤਿੱਖੀ ਬਹਿਸ ਵੀ ਹੋ ਗਈ।
ਮਹਿਲਾ ਕਿਸਾਨ ਮਜਦੂਰ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਗੁਰਜੀਤ ਕੌਰ ਨੇ ਕਿਹਾ ਕਿ ਜਦੋਂ ਸਾਰੇ ਭਾਰਤ ਵਿੱਚ ਲੋਕ ਕਿਸਾਨਾਂ ਦਾ ਸਮਰਥਨ ਦੇ ਰਹੇ ਹਾਂ ਤਾਂ ਅਜਿਹੇ ਲੋਕ ਜਾਣ ਬੁੱਝ ਕੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਮਾਹੌਲ ਨੂੰ ਖ਼ਰਾਬ ਕਰਨਾ ਚਾਹ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਗਈ ਸੀ ਕਿ ਉਹ ਇਸ ਬੰਦ ਵਿੱਚ ਕਿਸਾਨਾਂ ਦਾ ਸਹਿਯੋਗ ਦੇਣ ਤੇ ਜ਼ਿਆਦਾਤਰ ਲੋਕਾਂ ਵੱਲੋਂ ਕਿਸਾਨਾਂ ਦਾ ਸਹਿਯੋਗ ਵੀ ਕੀਤਾ ਗਿਆ ਹੈ। ਸਰਹਿੰਦ ਸ਼ਹਿਰ ਦੇ ਸਾਬਕਾ ਕੌਂਸਲਰ ਅਜੈਬ ਸਿੰਘ ਅਤੇ ਕਿਸਾਨ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਫ਼ਸਲਾਂ ਦਾ ਨਹੀਂ ਬਲਕਿ ਨਸਲਾਂ ਦਾ ਮਸਲਾ ਹੈ ਇਸ ਲਈ ਸਾਨੂੰ ਮਿਲ ਬੈਠ ਕੇ ਇਨ੍ਹਾਂ ਵੱਡੇ ਘਰਾਣਿਆਂ ਤੋਂ ਜਿੱਤ ਹਾਸਲ ਕਰਨੀ ਪਵੇਗੀ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦੀਆਂ ਗੁਲਾਮ ਬਣ ਕੇ ਰਹਿ ਜਾਣਗੀਆਂ।