ਫ਼ਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਭਾਰਤ ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਵੱਲੋਂ ਅੰਤਰ ਰਾਸ਼ਟਰੀ ਤਾਰਬੰਦੀ ਵਿੱਚ ਪਾਇਪ ਫਸਾ ਕੇ ਭਾਰਤ ਵੱਲ ਭੇਜੀ ਜਾ ਰਹੀ ਇੱਕ ਅਰਬ 30 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਸਰਦੀ ਦੇ ਦਿਨਾਂ ਵਿੱਚ ਜਿਵੇਂ ਜਿਵੇਂ ਠੰਡ ਵੱਧਦੀ ਹੈ ਤੇ ਧੁੰਦ ਵੀ ਵੱਧਦੀ ਜਾਂਦੀ ਹੈ। ਭਾਰਤ-ਪਾਕਿਸਤਾਨ ਸਰਹੱਦ ‘ਤੇ ਧੁੰਦ ਵਿੱਚ ਹੋਈ ਜ਼ੀਰੋ ਵਿਜ਼ੀਬਿਲਟੀ ਦਾ ਫਾਇਦਾ ਲੈਂਦੇ ਹੋਏ ਪਾਕਿਸਤਾਨ ‘ਚ ਬੈਠੇ ਤਸਕਰ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਰਹਿੰਦੇ ਹਨ। ਅਜਿਹੀ ਹੀ ਇੱਕ ਕੋਸ਼ਿਸ਼ ਫ਼ਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸੀਮਾ ਮੋਜਮ ਫਾਰਵਡ ਕੋਲ ਪਾਕਿਸਤਾਨੀ ਤਸਕਰਾਂ ਨੇ ਕੀਤੀ।
ਦੇਰ ਰਾਤ ਪਾਕਿਸਤਾਨ ਵੱਲੋਂ ਆਏ ਤਸਕਰਾਂ ਨੇ ਭਾਰਤ ਪਾਕਿਸਤਾਨ ਤਾਰਬੰਦੀ ਵਿਚਾਲੇ ਪਲਾਸਟਿਕ ਦੀ ਪਾਈਪ ਫਸਾ ਕੇ ਭਾਰਤ ਵੱਲ ਕਰੋੜਾਂ ਦੀ ਹੈਰੋਇਨ ਭੇਜਣੀ ਸ਼ੁਰੂ ਕੀਤੀ। ਭਾਰਤ ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨ ਨੇ ਉਕਤ ਪਾਕਿਸਤਾਨੀ ਤਸਕਰਾਂ ਨੂੰ ਮੌਕੇ ‘ਤੇ ਰੁਕਣ ਦਾ ਇਸ਼ਾਰਾ ਕੀਤਾ। ਪਰ ਧੁੰਦ ਦਾ ਫਾਇਦਾ ਉਠਾਉਂਦੇ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਜਿਸ ਤੋਂ ਬਾਅਦ ਮੌਕੇ ‘ਤੇ ਬੀਐਸਐਫ ਵੱਲੋਂ ਇਲਾਕੇ ਦੀ ਸਰਚ ਕੀਤੀ ਗਈ ਤਾਂ ਇਲਾਕੇ ਵਿੱਚੋਂ ਭਾਰਤ ਪਾਕਿਸਤਾਨ ਵਿਚਾਲੇ ਲਗਾਈ ਗਈ ਤਾਰਬੰਦੀ ਵਿੱਚ ਪਲਾਸਟਿਕ ਦੀ ਪਾਈਪ, ਕੱਪੜਾ ਅਤੇ ਪੱਚੀ ਪੈਕਟਾਂ ‘ਚ ਬੰਦ ਛੱਬੀ ਕਿਲੋ ਸੱਤ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ। ਬੀਐਸਐਫ ਦੇ ਡੀਆਈਜੀ ਵੀ.ਪੀ ਬਡੋਲਾ ਦਾ ਕਹਿਣਾ ਹੈ ਕਿ ਭਾਰਤ ਵੱਲ ਵੀ ਕੁਝ ਲੋਕ ਇਸ ਖੇਪ ਨੂੰ ਲੈਣ ਲਈ ਆਏ ਸਨ। ਜਿਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਪਾਏ ਗਏ ਫਿਲਹਾਲ ਤਫਤੀਸ਼ ਕੀਤੀ ਜਾ ਰਹੀ ਹੈ।