ਰਿਆਸਤੀ ਸ਼ਹਿਰ ਮਾਲੇਰਕੋਟਲਾ ਜਿੱਥੇ ਹਲਕਾ ਵਿਧਾਇਕਾ ਮੈਡਮ ਰਜ਼ੀਆ ਸੁਲਤਾਨਾ ਤੋਂ ਲੈ ਕੇ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਵਿੱਚ ਡਿਪਟੀ ਕਮਿਸ਼ਨਰ ਮੈਡਮ ਅੰਮਿ੍ਰਤਾ ਕੌਰ ਗਿੱਲ ਤੱਕ ਔਰਤਾਂ ਕਾਬਜ਼ ਹਨ। ਅਜਿਹੇ ਔਰਤ ਪ੍ਰਧਾਨ ਮਾਹੌਲ ਵਿੱਚ ਇੱਕ 17 ਸਾਲਾ ਗਿਆਰਵੀ ਜਮਾਤ ਦੀ ਨੌਜਵਾਨ ਲੜਕੀ ਇਲੈਕਟ੍ਰੋਨਿਕ ਆਟੋ ਰਿਕਸ਼ਾ ਰਾਹੀਂ ਸ਼ਹਿਰ ਵਿੱਚ ਗਲੀ ਗਲੀ ਘੁੰਮ ਕੇ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਦਾ ਉਪਰਾਲਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ।
ਨੌਜਵਾਨ ਲੜਕੀ ਰਿਤੂ ਵਰਮਾ ਨੇ ਦੱਸਿਆ ਕਿ ਪਰਿਵਾਰ ਵਿੱਚ 7 ਜੀਅ ਹਨ ਜਿਸ ਵਿੱਚ 5 ਵੱਡੀਆਂ ਭੈਣਾਂ ਅਤੇ ਇੱਕ ਮਾਂ ਹੈ, ਪਿਤਾ ਦੀ ਮੌਤ ਹੋਣ ਬਾਅਦ ਘਰ ਵਿੱਚ ਕੋਈ ਪੁਰਸ਼ ਨਾ ਹੋਣ ਕਾਰਨ ਅਤੇ 3 ਵੱਡੀਆਂ ਭੈਣਾ ਦਾ ਵਿਆਹ ਹੋਣ ਕਾਰਨ ਘਰ ਦਾ ਖਰਚਾ ਚੁੱਕਣ ਲਈ ਉਸ ਨੇ ਵਿਹਲੇ ਬੈਠਣ ਦੀ ਥਾਂ ਕੰਮ ਕਰਨ ਦੀ ਪਹਿਲ ਦਿਖਾਉਂਦਿਆਂ ਆਟੋ ਚਲਾਉਣ ਦਾ ਫ਼ੈਸਲਾ ਕੀਤਾ। ਰਿਤੂ ਵਰਮਾ ਨੇ ਅੱਗੇ ਦੱਸਿਆ ਕਿ ਉਹ ਰੋਜ਼ਾਨਾ ਆਟੋ ਰਿਕਸ਼ਾ 250 ਰੁਪਏ ਕਿਰਾਏ ’ਤੇ ਲੈਂਦੀ ਹੈ ਅਤੇ ਉਸ ਨੂੰ ਰੋਜ਼ਾਨਾ ਚਾਰਜ ਕਰਨ ’ਤੇ 60-70 ਰੁਪਏ ਖਰਚਾ ਆਉਂਦਾ ਹੈ, ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਆਟੋ ਚਲਾ ਕੇ ਉਸ ਨੂੰ 200 ਜਾਂ 300 ਰੁਪਏ ਦੀ ਬਚਤ ਹੁੰਦੀ ਹੈ। ਬੇਰੁਜ਼ਗਾਰਾਂ ਨੌਜਵਾਨ ਲੜਕੇ ਲੜਕੀਆਂ ਲਈ ਪ੍ਰੇਰਨਾ ਸ੍ਰੋਤ ਬਣੀ ਰਿਤੂ ਵਰਮਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸਾਸ਼ਨ ਤੋਂ ਆਸ ਪ੍ਰਗਟਾਈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਖ਼ੁਦ ਦਾ ਕੋਈ ਵਧੀਆ ਕੰਮ ਕਰ ਸਕੇ।