ਮਾਛੀਵਾੜਾ ਪੁਲਿਸ ਵਲੋਂ 4 ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਰਾਜੂ ਸਿੰਘ ਵਾਸੀ ਪਿੰਡ ਮਾਜਰੀ ਥਾਣਾ ਮੋਰਿੰਡਾ ਦੀ ਕਤਲ ਕਰਨ ਤੋਂ ਬਾਅਦ ਖੇਤਾਂ ਵਿਚ ਦੱਬੀ ਲਾਸ਼ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰਵਾ ਲਈ ਗਈ। ਇਸ ਮਾਮਲੇ ’ਚ ਖੁਲਾਸਾ ਹੋਇਆ ਸਾਲੀ ਨਾਲ ਇਸ਼ਕ ਪ੍ਰਵਾਨ ਚਡ਼ਾਉਣ ਲਈ ਸਾਂਢੂ ਨੇ ਹੀ ਆਪਣੇ ਸਾਂਢੂ ਦਾ ਸਾਥੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਸਬੰਧੀ ਅੱਜ ਸਮਰਾਲਾ ਦੇ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਰਾਜੂ ਸਿੰਘ ਤੇ ਤੇਜਿੰਦਰ ਸਿੰਘ ਉਰਫ਼ ਗੋਲਡੀ ਆਪਸ ਵਿਚ ਰਿਸ਼ਤੇ ’ਚ ਸਕੇ ਸਾਂਢੂ ਸਨ। ਮਾਛੀਵਾਡ਼ਾ ਨੇਡ਼੍ਹਲੇ ਪਿੰਡ ਭੱਟੀਆਂ ਦੇ ਨਿਵਾਸੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਜਿਸਦੇ ਨਾਜਾਇਜ਼ ਸਬੰਧ ਆਪਣੀ ਸਾਲੀ ਨਾਲ ਬਣ ਗਏ। ਰਾਜੂ ਸਿੰਘ ਦੀ ਪਤਨੀ ਆਪਣੇ ਪਤੀ ਨੂੰ ਛੱਡ ਬੱਚਿਆਂ ਸਮੇਤ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਭੱਜ ਗਈ ਸੀ ਅਤੇ ਫਿਰ ਆਪਸ ਵਿਚ ਸਮਝੌਤਾ ਕਰਨ ਤੋਂ ਬਾਅਦ ਵਾਪਸ ਆਪਣੇ ਪਤੀ ਕੋਲ ਚਲੀ ਗਈ ਸੀ। ਹੁਣ ਫਿਰ ਪਿਛਲੇ ਕੁਝ ਮਹੀਨਿਆਂ ਤੋਂ ਰਾਜੂ ਸਿੰਘ ਦੀ ਪਤਨੀ ਰਿਸ਼ਤੇ ’ਚ ਲੱਗਦੇ ਆਪਣੇ ਜੀਜਾ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਰਹਿ ਰਹੀ ਸੀ। ਰਾਜੂ ਸਿੰਘ ਇਸ ਗੱਲ ਤੋਂ ਕਾਫ਼ੀ ਪ੍ਰੇਸ਼ਾਨ ਸੀ ਅਤੇ ਉਹ ਲੰਘੀ 13 ਮਈ ਨੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਲੈਣ ਲਈ ਆਪਣੇ ਸਾਂਢੂ ਤੇਜਿੰਦਰ ਸਿੰਘ ਕੋਲ ਆਇਆ ਜਿਨ੍ਹਾਂ ਦਾ ਆਪਸ ਵਿਚ ਕਾਫ਼ੀ ਝਗੜਾ ਵੀ ਹੋਇਆ।
ਡੀ.ਐੱਸ.ਪੀ. ਸਮਰਾਲਾ ਨੇ ਦੱਸਿਆ ਕਿ ਉਸ ਦਿਨ ਤੋਂ ਰਾਜੂ ਸਿੰਘ ਲਾਪਤਾ ਸੀ ਜਿਸ ਸਬੰਧੀ ਮਾਛੀਵਾਡ਼ਾ ਪੁਲਸ ਥਾਣਾ ਵਿਚ ਗੁੰਮਸ਼ੁਦਗੀ ਰਿਪੋਰਟ ਵੀ ਦਰਜ ਕੀਤੀ ਗਈ ਸੀ। ਕੁਝ ਦਿਨ ਪਹਿਲਾਂ ਹੀ ਰਾਜੂ ਸਿੰਘ ਦੇ ਸਾਲੇ ਸੰਤੋਸ਼ ਕੁਮਾਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਜੀਜੇ ਦਾ ਕਤਲ ਤੇਜਿੰਦਰ ਸਿੰਘ ਉਰਫ਼ ਗੋਲਡੀ ਤੇ ਉਸਦੇ 2 ਸਾਥੀਆਂ ਨੇ ਮਿਲ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਵਿਜੈ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਪਰਚਾ ਦਰਜ ਕਰਨ ਉਪਰੰਤ ਤੇਜਿੰਦਰ ਸਿੰਘ ਗੋਲਡੀ ਤੇ ਸੈਮਲ ਵਾਸੀ ਇੰਦਰਾ ਕਾਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਇਨ੍ਹਾਂ ਵਲੋਂ ਕਤਲ ਕਰਕੇ ਲਾਸ਼ ਮਾਛੀਵਾਡ਼ਾ ਨੇਡ਼੍ਹੇ ਵਗਦੇ ਸੂਏ ਕਿਨਾਰੇ ਖੇਤਾਂ ’ਚ ਬਣੇ ਕਮਰੇ ਅੰਦਰ ਦੱਬ ਦਿੱਤੀ। ਪੁਲਸ ਅਨੁਸਾਰ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਨੇ ਕਬੂਲ ਕੀਤਾ ਕਿ ਰਿਸ਼ਤੇ ’ਚ ਲੱਗਦੀ ਸਾਲੀ ਮੇਰੇ ਨਾਲ ਰਹਿ ਰਹੀ ਸੀ ਪਰ ਉਸਦਾ ਪਤੀ ਰਾਜੂ ਸਿੰਘ ਉਨ੍ਹਾਂ ਦਾ ਇਸ਼ਕ ਪ੍ਰਵਾਨ ਨਹੀਂ ਚਡ਼੍ਹਨ ਦੇ ਰਿਹਾ ਸੀ ਅਤੇ ਰੁਕਾਵਟਾਂ ਖਡ਼ੀਆਂ ਕਰਦਾ ਸੀ ਜਿਸ ਕਾਰਨ ਉਸਨੇ 13 ਮਈ ਦੀ ਸ਼ਾਮ ਨੂੰ ਆਪਣੇ ਸਾਥੀ ਸੈਮਲ ਤੇ ਰਿੱਕੀ ਵਾਸੀ ਲੱਖੋਵਾਲ ਕਲਾਂ ਦੀ ਮੱਦਦ ਨਾਲ ਕਿਰਚ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਬਾਅਦ ਵਿਚ ਸੂਏ ਕਿਨਾਰੇ ਖੇਤਾਂ ’ਚ ਬਣੇ ਕਮਰੇ ਅੰਦਰ ਲਾਸ਼ ਨੂੰ ਦੱਬ ਦਿੱਤਾ। ਪੁਲਸ ਵਲੋਂ ਅੱਜ ਰਾਜੂ ਸਿੰਘ ਦੀ ਲਾਸ਼ ਕਢਵਾਈ ਗਈ ਤਾਂ ਉਹ ਕੰਕਾਲ ਦਾ ਰੂਪ ਧਾਰਨ ਕਰ ਚੁੱਕੀ ਸੀ।
ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਡੀ.ਐੱਨ.ਏ. ਟੈਸਟ ਵੀ ਕਰਵਾਇਆ ਜਾਵੇਗਾ ਤਾਂ ਜੋ ਸਪੱਸ਼ਟ ਹੋ ਕੇ ਸਕੇ ਕਿ ਇਹ ਲਾਸ਼ ਰਾਜੂ ਸਿੰਘ ਦੀ ਹੈ। ਡੀ.ਐੱਸ.ਪੀ. ਖਹਿਰਾ ਨੇ ਦੱਸਿਆ ਕਿ ਮਾਛੀਵਾਡ਼ਾ ਪੁਲਸ ਵਲੋਂ 4 ਮਹੀਨੇ ਤੋਂ ਲਾਪਤਾ ਹੋਏ ਰਾਜੂ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ।