Mansa Boy lovepreet: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਸੰਘਰਸ਼ ਇਸ ਸਮੇਂ ਪੂਰੀ ਦੁਨੀਆਂ ਵਿੱਚ ਚਮਕਿਆ ਹੋਇਆ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਅਵਾਜ਼ਾਂ ਸਾਂਝੀਆਂ ਹੋ ਕੇ ਲੋਕ ਲਹਿਰ ਬਣ ਰਹੀਆਂ ਹਨ । ਉੱਥੇ ਹੀ ਦੇਸ਼ ਦੇ ਨੌਜਵਾਨ ਵੀ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਇਸਦੇ ਤਹਿਤ ਹੀ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਸਿੰਘ ਸਪੁੱਤਰ ਸਰਦਾਰ ਅਵਤਾਰ ਸਿੰਘ (ਕਾਨੂੰਗੋ) ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਝੰਡਾ ਡਲਹੌਜ਼ੀ ‘ਤੇ ਲਹਿਰਾ ਕੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਅਵਾਜ਼ ਤੇਜ਼ ਕਰਦਿਆਂ ਹੋਰ ਜੋਸ਼ ਭਰ ਦਿੱਤਾ ਹੈ ।
ਦਰਅਸਲ, ਲਵਪ੍ਰੀਤ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਵਿਭਾਗ ਵਿੱਚ ਅਪਣੀ ਮਾਸਟਰ ਦੀ ਡਿਗਰੀ ਕਰ ਰਿਹਾ ਹੈ। ਇਤਿਹਾਸ ਨਾਲ ਸਬੰਧਿਤ ਥਾਵਾਂ ਅਤੇ ਪਹਾੜੀ ਇਲਾਕਿਆਂ ਦੀ ਯਾਤਰਾ ਕਰਨ ਸਣੇ ਹੋਰਨਾਂ ਗਤੀਵਿਧੀਆਂ ਵੱਲੋਂ ਘੁੰਮਣ ਫਿਰਨ ਦਾ ਸ਼ੌਕ ਰੱਖਦੇ ਇਸ ਨੌਜਵਾਨ ਨੇ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਵਿੱਚ ਅਪਣੀ ਬਾਰ੍ਹਵੀਂ ਜਮਾਤ ਪਾਸ ਕੀਤੀ ਹੈ। ਇਹ ਜਜਬਾ ਉਸ ਵਿੱਚ ਕੁਝ ਉੱਥੇ ਰਹਿ ਕੇ ਤੇ ਕੁਝ ਆਪਣੇ ਸ਼ੌਂਕ ਦੇ ਤੌਰ ‘ਤੇ ਪੈਦਾ ਹੋਇਆ।
ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਸ਼ੁਰੂ ਹੋਏ ਨਵੇਂ ਸਾਲ ਦੇ ਪਹਿਲੇ ਨੈਸ਼ਨਲ ਐਡਵੈਂਚਰ ਕਮ ਟ੍ਰੈਕਿੰਗ ਕੈਂਪ 2021 ਖੱਜਿਆਰ-ਡਲਹੌਜ਼ੀ ਵਿਖੇ ਲਗਾਇਆ ਗਿਆ। ਲਵਪ੍ਰੀਤ ਸਿੰਘ ਨੇ ਨੈਸ਼ਨਲ ਲੈਵਲ ‘ਤੇ ਆਪਣੇ ਜ਼ਿਲ੍ਹੇ ਵੱਲੋਂ ਪੰਜਾਬ ਰਾਜ ਵੱਲੋਂ ਪ੍ਰਦਰਸ਼ਨ ਕੀਤਾ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਆ ਹੈ । ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਹੀ ਰਾਹ ‘ਤੇ ਜਾ ਕੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ । ਇਸ ਤੋਂ ਇਲਾਵਾ ਲਵਪ੍ਰੀਤ ਚੰਦਰਖਾਨੀ ਅਤੇ ਰੋਹਤਾਂਗ ਦੱਰੇ ਵਰਗੇ ਕਈ ਹੋਰ ਟ੍ਰੈਕਾਂ ‘ਤੇ ਟ੍ਰੈਕਿੰਗ ਕਰ ਚੁੱਕਿਆ ਹੈ ਅਤੇ ਅੱਗੇ ਉਸ ਦੀ ਬੇਸਿਕ ਮਾਉਂਟੇਨੀਅਰਿੰਗ ਕੋਰਸ ਅਤੇ ਮਾਉਂਟ ਐਵਰੇਸਟ ਬੇਸ ਕੈਂਪ ਲਗਾਉਣ ਦੀ ਤਿਆਰੀ ਹੈ।
ਇਸ ਸਬੰਧੀ ਲਵਪ੍ਰੀਤ ਨੇ ਦੱਸਿਆ ਕਿ 6 ਜਨਵਰੀ ਨੂੰ ਉਹ ਅਤੇ ਉਸ ਦੇ ਸਾਥੀ ਅੰਗਰੇਜ਼ ਸਿੰਘ, ਅਮਰਿੰਦਰ ਸਿੰਘ, ਹਰਜਿੰਦਰ ਸਿੰਘ, ਕੋਟ ਫੱਤਾ ਦੇ ਨੌਜਵਾਨ-ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਨੇ ਖਜਿਆਰ ਦੇ ਇਸ ਜੋਤ ਪਾਸ ਦਰੇ ਦੀ 11 ਹਜ਼ਾਰ ਉੱਚੀ ਬਰਫ਼ੀਲੀ ਉੱਚੀ ਚੋਟੀ ‘ਤੇ ਕਿਸਾਨੀ ਸੰਘਰਸ਼ ਹੱਕ ਵਿਚ ਕਿਸਾਨੀ ਝੰਡਾ ਲਹਿਰਾਇਆ ।