ਫਲਾਇੰਗ ਸਿੱਖ ਦੇ ਨਾਮ ਨਾਲ ਮਸ਼ਹੂਰ 91 ਸਾਲਾਂ ਮਿਲਖਾ ਸਿੰਘ ਨੇ ਸ਼ੁੱਕਰਵਾਰ ਦੀ ਰਾਤ ਨੂੰ PGI ਵਿੱਚ ਆਖਰੀ ਸਾਹ ਲਏ । ਇਸੇ ਵਿਚਾਲੇ ਮਿਲਖਾ ਸਿੰਘ ਦੀ ਮੌਤ ਤੋਂ 24 ਮਿੰਟ ਪਹਿਲਾਂ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਮਾਮਲੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਫੇਫੜੇ 80% ਖ਼ਰਾਬ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ।
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਕੋਈ ਵੀ ਵਿਅਕਤੀ ਜਿਊਂਦਾ ਨਹੀਂ ਰਹਿ ਸਕਦਾ ਸੀ, ਪਰ ਇਸ ਮਹਾਨ ਦੌੜਾਕ ਨੇ ਆਖਰੀ ਸਾਹ ਤੱਕ ਮੌਤ ਨਾਲ ਜੰਗ ਲੜੀ । ਜ਼ਿਕਰਯੋਗ ਹੈ ਕਿ ਮਿਲਖਾ ਸਿੰਘ ਨੇ 30 ਦਿਨਾਂ ਤੱਕ ਕੋਰੋਨਾ ਨਾਲ ਜੰਗ ਲੜੀ। 19 ਮਈ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 13 ਜੂਨ ਨੂੰ ਕੋਰੋਨਾ ਕਾਰਨ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਦਾ ਦਿਹਾਂਤ ਹੋ ਗਿਆ ਸੀ। ਪਤਨੀ ਦੀ ਮੌਤ ਤੋਂ ਪੰਜ ਦਿਨ ਬਾਅਦ ਹੀ ਮਿਲਖਾ ਸਿੰਘ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ । ਮਿਲਖਾ ਸਿੰਘ ਦੇ ਦਿਹਾਂਤ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ । ਉਨ੍ਹਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਉਨ੍ਹਾਂ ਦੀ ਮੌਤ ‘ਤੇ ਪੀਐੱਮ ਮੋਦੀ ਸਣੇ ਬਹੁਤ ਸਾਰੇ ਰਾਜਨੇਤਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।