MLA Darshan Lal : ਬਲਾਚੌਰ ਵਿਖੇ ਅੱਜ ਵਿਧਾਇਕ ਮਨਪ੍ਰੀਤ ਬਾਦਲ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਪੁੱਜੇ ਸਨ ਪਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉਥੇ ਮੌਜੂਦ ਵਿਧਾਇਕ ਦਰਸ਼ਨ ਲਾਲ ਮੰਗੂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਉਨ੍ਹਾਂ ਦੀ ਸਿਹਤ ਉਦੋਂ ਵਿਗੜੀ ਜਦੋਂ ਮਨਪ੍ਰੀਤ ਬਾਦਲ ਸਟੇਜ ‘ਤੇ ਭਾਸ਼ਣ ਦੇ ਰਹੇ ਸਨ ਪਰ ਦਰਸ਼ਨ ਲਾਲ ਦੀ ਸਿਹਤ ਖਰਾਬ ਹੋਣ ਕਾਰਨ ਮਨਪ੍ਰੀਤ ਬਾਦਲ ਨੂੰ ਭਾਸ਼ਣ ਵਿਚਕਾਰ ਹੀ ਰੋਕਣਾ ਪਿਆ ਅਤੇ ਉਹ ਵਿਧਾਇਕ ਦਰਸ਼ਨ ਲਾਲ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ।
ਮਿਲੀ ਜਾਣਕਾਰੀ ਮੁਤਾਬਕ ਵਿਧਾਇਕ ਦਰਸ਼ਨ ਲਾਲ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿਥੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਸਿਹਤ ‘ਚ ਪਹਿਲਾਂ ਨਾਲੋਂ ਕਾਫੀ ਸੁਧਾਰ ਆਇਆ ਹੈ। ਡਾਕਟਰਾਂ ਨੇ ਕਿਹਾ ਕਿ ਉਹ ਤੰਦਰੁਸਤ ਹਨ। ਹੀਰੋ ਆਫ ਲੱਦਾਖ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪਿੰਡ ਸਿਆਣਾ ‘ਚ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਅਕਾਲੀ ਨੇਤਾ ਰਮਨਦੀਪ ਸਿੰਘ ਥਿਆੜਾ ਵੀ ਮੌਜੂਦ ਸਨ। ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਬੁੱਤ ਸਥਾਪਤ ਕਰਨ ਲਈ ਖੇਤਰ ਵਾਸੀਆਂ ਅਤੇ ਟਰੱਸਟ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਦ ‘ਚ ਲਾਇਬ੍ਰੇਰੀ ਤੇ ਮਿਊਜ਼ੀਅਮ ਸਾਡੀ ਆਉਣ ਵਾਲੀ ਪੀੜੀਆਂ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ।
ਨਵੰਬਰ 1963 ‘ਚ ਜੰਮੂ-ਕਸ਼ਮੀਰ ਦੇ ਪੂੰਛ ਇਲਾਕੇ ‘ਚ ਆਪਣੇ ਸਾਥੀਆਂ ਨਾਲ ਹੈਲੀਕਾਪਟਰ ਤੋਂ ਸਰਹੱਦ ਦਾ ਨਿਰੀਖਮ ਕਰ ਰਹੇ ਸਨ ਤਾਂ ਉਨ੍ਹਾਂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਆਪਣੇ ਸਾਥੀਆਂ ਸਮੇਤ ਸ਼ਹੀਦ ਹੋ ਗਏ। ਉਨ੍ਹਾਂ ਦੀ ਯਾਦ ‘ਚ ਬਲਾਚੌਰ ਵਿਖੇ ਹਸਪਤਾਲ ਵੀ ਚੱਲ ਰਿਹਾ ਹੈ ਜਦੋਂ ਕਿ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਮੈਮੋਰੀਅਲ ਹਾਈਲ ਸਕੂਲ ਮਹਿੰਦੀਪੁਰ ਵੀ ਉਨ੍ਹਾਂ ਦੇ ਨਾਂ ‘ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜੰਮੂ ਦੇ ਸ਼ਹਿਰ ਤਵੀ ਕਿਨਾਰੇ ਪੈਂਦੇ ਚੌਕ ਦਾ ਨਾਂ ਵੀ ਬਿਕਰਮ ਚੌਕ ਰੱਖਿਆ ਗਿਆ ਹੈ, ਜਿਥੇ ਉਨ੍ਹਾਂ ਦਾ ਬੁੱਤ ਵੀ ਬਣਾਇਆ ਗਿਆ ਹੈ।