ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਟੀਮ ਖਨੌਰੀ ਬਾਰਡਰ ‘ਤੇ ਪਹੁੰਚੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਸਿੱਧੂਪੁਰ ਦੇ ਆਗੂਆਂ ਕਾਕਾ ਸਿੰਘ ਕੋਟੜਾ ਅਤੇ ਅਭਿਮਨਿਊ ਕੋਹਾੜ ਦੀ ਹਾਜ਼ਰੀ ਵਿੱਚ ਟੀਮ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ।
ਕੇਂਦਰ ਸਰਕਾਰ ਦੀ ਟੀਮ ਸਰਕਾਰ ਦੀ ਤਜਵੀਜ਼ ਲੈ ਕੇ ਕਿਸਾਨ ਆਗੂਆਂ ਕੋਲ ਪਹੁੰਚ ਗਈ ਹੈ। ਕੇਂਦਰੀ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਪਿਛਲੇ ਇੱਕ ਘੰਟੇ ਤੋਂ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ‘ਤੇ ਚਰਚਾ ਕੀਤੀ ਜਾ ਰਹੀ ਹੈ, ਜਿਸ ਵਿੱਚ ਅੰਦੋਲਨਕਾਰੀ ਕਿਸਾਨਾਂ ਦੀਆਂ ਮੁੱਖ ਮੰਗਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਵਿਵਾਦਾਂ ਵਿਚਾਲੇ Youtube ਨੇ ਭਾਰਤ ‘ਚੋਂ ਹਟਾਇਆ ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਦਾ ਟੀਜ਼ਰ!
ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਪ੍ਰਿਆ ਰੰਜਨ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ’ਤੇ ਪੁੱਜੇ। ਉਨ੍ਹਾਂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਿਆ। ਕੁਝ ਸਮੇਂ ਬਾਅਦ ਡੱਲੇਵਾਲ ਨੇ ਆਪਣੀ ਖਰਾਬ ਸਿਹਤ ਕਾਰਨ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਗੁਰੇਜ਼ ਕਰਦਿਆਂ ਕਿਸਾਨ ਆਗੂਆਂ ਨੂੰ ਅਧਿਕਾਰੀਆਂ ਨਾਲ ਗੱਲ ਕਰਨ ਦੀ ਅਪੀਲ ਕੀਤੀ। ਪ੍ਰਿਆ ਰੰਜਨ ਨਾਲ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਅਭਿਮਨਿਊ ਕੋਹਾੜ ਆਦਿ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ।
ਸੰਯੁਕਤ ਸਕੱਤਰ ਪ੍ਰਿਆ ਰੰਜਨ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਭਾਰਤ ਸਰਕਾਰ ਬੇਹੱਦ ਚਿੰਤਤ ਹੈ। ਕਿਸਾਨ ਆਗੂਆਂ ਨੇ ਕਰੀਬ ਡੇਢ ਘੰਟੇ ਤੱਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕੇਂਦਰ ਦੇ ਅਧਿਕਾਰੀ ਉਨ੍ਹਾਂ ਲਈ ਤਜਵੀਜ਼ ਲੈ ਕੇ ਆਏ ਹਨ, ਜਿਸ ’ਤੇ ਦੋਵੇਂ ਫੋਰਮ ਵਿਚਾਰ ਕਰ ਰਹੇ ਹਨ ਅਤੇ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ। ਪਰ ਕੇਂਦਰ ਨੇ ਕੀ ਪ੍ਰਸਤਾਵ ਭੇਜਿਆ ਹੈ? ਫਿਲਹਾਲ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
