ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ ਹੋਏ ਹਮਲੇ ਦੀ ਟੈਰੇਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ । ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਕਾਰਨ ਸੀਨੀਅਰ ਅਧਿਕਾਰੀ ਜਾਂਚ ਵਿੱਚ ਜੁਟੇ ਹੋਏ ਹਨ । ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਮਲਾ ਹੈੱਡਕੁਆਰਟਰ ਦੀ ਇਮਾਰਤ ਦੇ ਬਾਹਰੋਂ ਕੀਤਾ ਗਿਆ । ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਹਮਲਾਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਖੁਫੀਆ ਵਿਭਾਗ ਇਲਾਕੇ ਵਿੱਚ ਸੀਸੀਟੀਵੀ ਫੁਟੇਜ, ਮੋਬਾਈਲ ਟਾਵਰ ਦੀ ਜਾਂਚ ਕਰ ਰਿਹਾ ਹੈ।
ਪੁਲਿਸ ਨੂੰ ਹਮਲੇ ਦੇ ਸਮੇਂ ਇੱਕ ਕਾਰ ਨੂੰ ਬਾਹਰ ਘੁੰਮਦੇ ਦੇਖਿਆ ਹੈ। ਇਸ ਕਾਰ ਤੋਂ ਹਮਲਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਮਲੇ ਤੋਂ ਬਾਅਦ ਇਹ ਕਾਰ ਉਥੋਂ ਗਾਇਬ ਹੋ ਗਈ। ਜਿਸ ਵਿੱਚ 2 ਸ਼ੱਕੀ ਦੱਸੇ ਜਾ ਰਹੇ ਹਨ । ਇਸ ਦੇ ਲਈ ਹੈੱਡਕੁਆਰਟਰ ਦੇ ਸਾਹਮਣੇ ਵਾਲੀ ਪਾਰਕਿੰਗ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਹਮਲੇ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (NIA) ਵੀ ਸਰਗਰਮ ਹੋ ਗਈ ਹੈ। NIA ਦੀ ਇੱਕ ਟੀਮ ਪੰਜਾਬ ਇੰਟੈਲੀਜੈਂਸ ਦੇ ਦਫ਼ਤਰ ਪਹੁੰਚ ਕੇ ਮਾਮਲੇ ਦੀ ਜਾਂਚ ਕਰੇਗੀ ।ਪੁਲਿਸ ਦੀ ਚਿੰਤਾ ਇਸ ਲਈ ਜ਼ਿਆਦਾ ਹੈ ਕਿਉਂਕਿ ਅਜਿਹੇ ਹਥਿਆਰ ਅਫਗਾਨਿਸਤਾਨ ਵਿੱਚ ਵਰਤੇ ਜਾਂਦੇ ਹਨ ।
ਇਹ ਵੀ ਪੜ੍ਹੋ: ਵੱਡੀ ਖਬਰ : ਮੋਹਾਲੀ ਦੇ ਸੈਕਟਰ-77 ਵਿਚ ਸਟੇਟ ਇੰਟੈਲੀਜੈਂਸ ਦਫਤਰ ਬਾਹਰ ਹੋਇਆ ਧਮਾਕਾ
ਉੱਥੇ ਹੀ ਦੂਜੇ ਪਾਸੇ ਡੀਜੀਪੀ ਵੀਕੇ ਭਾਵਰਾ ਨੇ ਕਿਹਾ ਕਿ ਇਸ ਹਮਲੇ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਕਿ ਇਹ ਹਮਲਾ ਥੋੜ੍ਹੀ ਦੂਰੀ ਤੋਂ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੋਹਾਲੀ ਅਤੇ ਚੰਡੀਗੜ੍ਹ ਨਾਲ ਲੱਗਦੀ ਸਰਹੱਦ ‘ਤੇ ਸਖਤੀ ਵਧਾ ਦਿੱਤੀ ਗਈ ਹੈ। ਇੱਥੇ ਲਗਾਤਾਰ ਚੈਕਿੰਗ ਜਾਰੀ ਹੈ।
ਦੱਸ ਦੇਈਏ ਕਿ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਇਹ ਹਮਲਾ ਸੋਮਵਾਰ ਸ਼ਾਮ 7.45 ਵਜੇ ਹੋਇਆ । ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਸਿਰਫ਼ ਨਾਈਟ ਡਿਊਟੀ ਵਾਲੀ ਟੀਮ ਹੀ ਮੌਜੂਦ ਸੀ। ਇਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ । ਹੈੱਡਕੁਆਰਟਰ ਦੇ ਆਲੇ-ਦੁਆਲੇ ਇੱਕ ਪ੍ਰਾਈਵੇਟ ਹਸਪਤਾਲ ਅਤੇ ਸਕੂਲ ਵੀ ਹੈ।
ਵੀਡੀਓ ਲਈ ਕਲਿੱਕ ਕਰੋ -: