More than a : ਮੋਗਾ ਦੇ ਗਾਂਧੀ ਰੋਡ ‘ਤੇ ਬੈਂਕ ਕਾਲੋਨੀ ਨੂੰ ਜਾਂਦੀ ਸੜਕ ‘ਤੇ ਸਥਿਤ ਇੱਕ ਆਟਾ ਫੈਕਟਰੀ ਦੇ ਬਣੇ ਵਰਤ ਵਾਲੇ ਆਟੇ ਦੀ ਰੋਟੀ ਖਾਣ ਨਾਲ ਕਈ ਲੋਕਾਂ ਦੇ ਬੀਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਆਟੇ ਦੀ ਰੋਟੀ ਖਾਣ ਤੋਂ ਬਾਅਦ 15 ਤੋਂ ਵੱਧ ਲੋਕ ਫੂਡ ਪੁਆਇਜ਼ਨਿੰਗ ਤੋਂ ਪੀੜਤ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਸਮੇਤ ਸ਼ਹਿਰ ਦੇ ਨਿਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਨਰਾਤਿਆਂ ‘ਚ ਕੀ ਲੋਕ ਕੱਟੂ ਨਾਲ ਬਣੇ ਪਕਵਾਨ ਖਾਂਦੇ ਹਨ। ਸ਼ੁੱਕਰਵਾਰ ਨੂੰ ਸਪਤਮੀ ਤੇ ਅਸ਼ਟਮੀ ਦੋਵੇਂ ਸੀ। ਕਈ ਵਰਤਧਾਰੀਆਂ ਤੇ ਉਨ੍ਹਾਂ ਦੇ ਘਰਵਾਲਿਆਂ ਨੇ ਦੁਕਾਨਾਂ ਤੋਂ ਕੱਟੂ ਦਾ ਆਟਾ ਖਰੀਦ ਕੇ ਉਸ ਦੀ ਰੋਟੀ ਬਣਾ ਕੇ ਖਾ ਲਈ ਜਿਸ ਨਾਲ ਰਾਤ ‘ਚ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਆਈ। ਉਨ੍ਹਾਂ ਨੂੰ ਸਿਰ ਤੇ ਪੇਟ ਦਰਦ, ਉਲਟੀਆਂ ਆਦਿ ਸਮੱਸਿਆਵਾਂ ਹੋ ਗਈਆਂ।
ਇਸ ਦੀ ਸੂਚਨਾ ਮਿਲਦੇ ਤੁਰੰਤ ਫ਼ੂਡ ਸਪਲਾਈ ਵਿਭਾਗ ਹਰਕਤ ਵਿੱਚ ਆਇਆ ਅਤੇ ਕਾਰਵਾਈ ਕਰਦਿਆਂ ਫੂਡ ਇੰਸਪੈਕਟਰ ਜਤਿੰਦਰ ਕੁਮਾਰ ਵਿਰਕ ਅਤੇ ਉਨ੍ਹਾਂ ਦੀ ਟੀਮ ਨੇ ਉਕਤ ਫੈਕਟਰੀ ਵਿਚ ਛਾਪੇਮਾਰੀ ਕਰ ਫੈਕਟਰੀ ਵਿਚ ਬਣਨ ਵਾਲੇ ਛੇ ਪ੍ਰੋਡਕਟ ਦੇ ਸੈਂਪਲ ਭਰੇ ਅਤੇ ਬਾਕੀ ਦੇ ਉਸ ਬੈਚ ਨੰਬਰ ਵਾਲੇ ਆਟੇ ਦੀ ਸਟਾਕ ਨੂੰ ਸੀਲ ਕਰ ਦਿੱਤਾ। ਜਵਾਹਰ ਨਗਰ ਦੇ ਇੱਕੋ ਹੀ ਪਰਿਵਾਰ ਦੇ 3 ਮੈਂਬਰ ਬੀਮਾਰ ਹੋ ਗਏ। ਜਵਾਹਰ ਨਗਰ ਦੇ ਇਸ ਪਰਿਵਾਰ ਨੇ ਪ੍ਰਤਾਪ ਰੋਡ ‘ਤੇ ਸਨਾਤਮ ਧਰਮ ਮੰਦਰ ਦੇ ਸਾਹਮਣੇ ਸਥਿਤ ਗੁਰੂ ਨਾਨਕ ਮਾਰਕੀਟ ਦੀ ਇੱਕ ਦੁਕਾਨ ਤੋਂ ਗਣੇਸ਼ ਭੋਗ ਕੱਟੂ ਦਾ ਆਟਾ ਖਰੀਦਿਆ ਸੀ। ਅੰਮ੍ਰਿਤਸਰ ਰੋਡ ਸਥਿਤ ਸੰਤ ਨਗਰ ਦਾ ਨਿਵਾਸੀ ਅਮਰਜੀਤ ਸਿੰਘ ਬੇਦੀ ਵੀ ਕੁਝ ਅਜਿਹੇ ਹੀ ਲੱਛਣਾਂ ਨਾਲ ਸਿਵਲ ਹਸਪਤਾਲ ‘ਚ ਭਰਤੀ ਹੋਇਆ। ਉਸ ਨੇ ਵੀ ਇਹ ਆਟਾ ਖਰੀਦ ਕੇ ਖਾਧਾ ਸੀ।
ਫੂਡ ਇੰਸਪੈਕਟਰ ਜਤਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ ਉਕਤ ਫੈਕਟਰੀ ਵਿਚੋਂ ਛੇ ਪ੍ਰਕਾਰ ਦੀਆਂ ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ ਗਏ ਹਨ ਅਤੇ ਜਲਦ ਹੀ ਉਕਤ ਸੈਂਪਲਾਂ ਦੀ ਰਿਪੋਰਟ ਮੰਗਵਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ ਦੇ ਅਨੁਸਾਰ ਹੁਣ ਤੱਕ ਇਸ ਬੈਚ ਨੰਬਰ ਦਾ ਕਰੀਬ ਚਾਰ ਸੌ ਕਵੰਟਲ ਆਟਾ ਮਾਰਕੀਟ ‘ਚ ਸਪਲਾਈ ਕੀਤਾ ਜਾ ਚੁੱਕਿਆ ਹੈ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਫੈਕਟਰੀ ਮਾਲਕ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਤੁਰੰਤ ਪ੍ਰਭਾਵ ਨਾਲ ਮਾਰਕੀਟ ਵਿਚ ਪਏ ਇਸ ਬੈਚ ਨੰਬਰ ਦੇ ਆਟੇ ਨੂੰ ਵਾਪਸ ਮੰਗਵਾਇਆ ਜਾਵੇ। ਇਸ ਤੋਂ ਇਲਾਵਾ ਇਕ ਹੀ ਬੈਚ ਨੰਬਰ ਤੇ ਸਾਰੇ ਪ੍ਰੋਡਕਟ ਤਿਆਰ ਕਰਨ ਅਤੇ ਫੈਕਟਰੀ ਮਾਲਕ ਦੇ ਕੋਲ ਮੌਜੂਦ ਲਾਇਸੈਂਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।