34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਡਾਈਟ ਦਿੱਤੀ ਜਾਵੇਗੀ। ਇਸ ਦਾ ਖਰਚਾ ਸਿੱਧੂ ਖੁਦ ਚੁੱਕਣਗੇ । ਉਨ੍ਹਾਂ ਦੀ ਸਿਹਤ ਦੇ ਮੱਦੇਨਜ਼ਰ ਅਦਾਲਤ ਦੇ ਹੁਕਮਾਂ ‘ਤੇ ਬਣੇ ਮੈਡੀਕਲ ਬੋਰਡ ਨੇ ਵਿਸ਼ੇਸ਼ ਡਾਈਟ ਪਲਾਨ ਤਿਆਰ ਕੀਤਾ ਹੈ। ਹਾਲਾਂਕਿ ਇਹ ਡਾਈਟ ਪਲਾਨ ਅਜੇ ਲਾਗੂ ਨਹੀਂ ਹੋਇਆ ਹੈ।
ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਡਾਈਟ ਪਲਾਨ ਨਹੀਂ ਮਿਲਿਆ ਹੈ । ਸਪੈਸ਼ਲ ਡਾਈਟ ਖੁਰਾਕ ਯੋਜਨਾ ਨੂੰ ਜੇਲ੍ਹ ਹਸਪਤਾਲ ਦੇ ਡਾਕਟਰ ਹੀ ਫਾਈਨਲ ਕਰਨਗੇ। ਇਸ ਦਾ ਖਰਚਾ ਸਿੱਧੂ ਨੂੰ ਖੁਦ ਚੁੱਕਣਾ ਪਵੇਗਾ। ਜੇਲ੍ਹ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਸਵੇਰੇ ਸੱਤ ਵਜੇ ਚਾਹ ਦੇ ਨਾਲ ਬਿਸਕੁਟ ਜਾਂ ਕਾਲੇ ਛੋਲੇ ਦਿੱਤੇ ਜਾਂਦੇ ਹਨ। ਜਿਸ ਤੋਂ ਬਾਅਦ 8.30 ਵਜੇ ਛੇ ਰੋਟੀਆਂ, ਦਾਲ ਜਾਂ ਸਬਜ਼ੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸ਼ਾਮ 6 ਵਜੇ ਰਾਤ ਦੇ ਖਾਣੇ ਲਈ 6 ਰੋਟੀਆਂ, ਦਾਲ ਜਾਂ ਸਬਜ਼ੀ ਦਿੱਤੀ ਜਾਂਦੀ ਹੈ, ਪਰ ਸਿੱਧੂ ਫਿਲਹਾਲ ਸਲਾਦ ਅਤੇ ਫਲ ਹੀ ਖਾ ਰਹੇ ਹਨ।
ਇਹ ਵੀ ਪੜ੍ਹੋ: ‘ਆਪ’ ਦਾ ਦਾਅਵਾ, ‘ਕੈਪਟਨ ਤੇ ਰੰਧਾਵਾ ਭ੍ਰਿਸ਼ਟਾਚਾਰ ਦੇ ਸਬੂਤ ਦੇਣ, ਮੁੱਖ ਮੰਤਰੀ ਮਾਨ ਕਰਨਗੇ ਕਾਰਵਾਈ’
ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਿੱਧੂ ਇੱਕ ਹਫ਼ਤੇ ਵਿੱਚ ਸਿਰਫ਼ 2500 ਰੁਪਏ ਹੀ ਖਰਚ ਕਰ ਸਕਦੇ ਹਨ। ਇਹ ਰਕਮ ਪਰਿਵਾਰ ਵੱਲੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਬਣਾਏ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ । ਜੇਲ੍ਹ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਪੈਸ਼ਲ ਡਾਈਟ ਪਲਾਨ ਵਿੱਚ ਸ਼ਾਮਲ ਆਈਟਮਾਂ ਜੇਲ੍ਹ ਦੀ ਕੰਟੀਨ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਜੇਲ੍ਹ ਦੇ ਡਾਕਟਰ ਬਾਹਰੋਂ ਮੰਗਵਾਉਣ ਵਾਲੀ ਵਸਤੂ ਦਾ ਆਪਸ਼ਨ ਦੇਣਗੇ । ਇਸ ਲਈ ਏਡੀਜੀਪੀ ਜੇਲ੍ਹ ਦੀਆਂ ਹਦਾਇਤਾਂ ’ਤੇ ਕੰਮ ਕੀਤਾ ਜਾਵੇਗਾ । ਸਿੱਧੂ ਨੂੰ ਜੇਲ੍ਹ ਵਿੱਚ ਕਲਰਕ ਦਾ ਕੰਮ ਸੌਂਪਿਆ ਗਿਆ ਹੈ।
ਦੱਸ ਦੇਈਏ ਕਿ ਸਿੱਧੂ ਦੀ ਵਿਸ਼ੇਸ਼ ਖੁਰਾਕ ਵਿੱਚ ਸਵੇਰੇ ਇੱਕ ਕੱਪ ਰੋਜ਼ਮੇਰੀ ਚਾਹ ਜਾਂ ਇੱਕ ਗਲਾਸ ਨਾਰੀਅਲ ਪਾਣੀ, ਨਾਸ਼ਤੇ ਲਈ ਇੱਕ ਕੱਪ ਲੈਕਟੋਜ਼ ਮੁਕਤ ਦੁੱਧ, ਇੱਕ ਚਮਚ ਫਲੈਕਸਸੀਡ/ਖਰਬੂਜੇ ਦੇ ਬੀਜ/ਚੀਆ, ਪੰਜ-ਛੇ ਬਦਾਮ, ਇੱਕ ਅਖਰੋਟ ਅਤੇ ਪੇਕਨ ਨਟਸ ਸ਼ਾਮਲ ਹਨ। ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੇ ਵਿਚਕਾਰ, ਡਾਕਟਰਾਂ ਨੇ ਸਿੱਧੂ ਨੂੰ ਇੱਕ ਗਲਾਸ ਜੂਸ (ਚੁੱਕੰਦਰ, ਖੀਰਾ, ਤੁਲਸੀ ਦੇ ਪੱਤੇ, ਆਂਵਲਾ, ਗਾਜਰ ਆਦਿ) ਜਾਂ ਕਿਸੇ ਵੀ ਫਲ ਜਿਵੇਂ ਕਿ ਤਰਬੂਜ, ਖਰਬੂਜਾ, ਕੀਵੀ, ਅਮਰੂਦ ਆਦਿ ਫਲ ਦਾ ਜੂਸ, ਜਾਂ ਪੁੰਗਰੇ ਕਾਲੇ ਛੋਲੇ, ਹਰੇ ਛੋਲੇ, ਖੀਰੇ /ਟਮਾਟਰ/ਨਿੰਬੂ/ਏਵੋਕਾਡੋ ਸਲਾਦ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਦੁਪਹਿਰ ਦੇ ਖਾਣੇ ਵਿੱਚ ਖੀਰੇ, ਮੌਸਮੀ ਹਰੀਆਂ ਸਬਜ਼ੀਆਂ, ਜਵਾਰ/ਸਿੰਘਰਾ/ਰਾਗੀ ਦੀ ਰੋਟੀ ਦੀ ਸਿਫ਼ਾਰਸ਼ ਕੀਤੀ ਹੈ । ਸ਼ਾਮ ਨੂੰ ਘੱਟ ਫੈਟ ਵਾਲੇ ਦੁੱਧ ਤੋਂ ਬਣੀ ਚਾਹ ਦਾ ਕੱਪ ਅਤੇ ਅੱਧਾ ਨਿੰਬੂ ਦੇ ਨਾਲ 25 ਗ੍ਰਾਮ ਪਨੀਰ ਜਾਂ ਸੋਇਆ ਪਨੀਰ ਦੇ ਨਾਲ ਦੇਣ ਲਈ ਕਿਹਾ ਗਿਆ ਹੈ। ਡਾਕਟਰਾਂ ਨੇ ਸਿੱਧੂ ਨੂੰ ਰਾਤ ਦੇ ਖਾਣੇ ਵਿੱਚ ਮਿਕਸਡ ਸਬਜ਼ੀਆਂ, ਦਾਲ, ਸੂਪ ਜਾਂ ਕਾਲੇ ਛੋਲਿਆਂ ਦਾ ਸੂਪ ਅਤੇ ਇੱਕ ਕਟੋਰੀ ਹਰੀਆਂ ਸਬਜ਼ੀਆਂ ਦੇਣ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: