ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਹੁਣ ਤਕਰਾਰ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਸਿੱਧੂ ਨੇ ਹਾਲੇ ਵੀ ਕੈਪਟਨ ਦੀ ਸ਼ਰਤ ਅਨੁਸਾਰ ਆਪਣੇ ਦੋਸ਼ਾਂ ਲਈ ਜਨਤਕ ਤੌਰ ‘ਤੇ ਮੁਆਫੀ ਵੀ ਨਹੀਂ ਮੰਗੀ ਹੈ ।
ਇਸ ਦੇ ਬਾਵਜੂਦ ਕੈਪਟਨ ਸ਼ੁੱਕਰਵਾਰ ਯਾਨੀ ਕਿ ਅੱਜ ਪੰਜਾਬ ਕਾਂਗਰਸ ਭਵਨ ਵਿੱਚ ਹੋਣ ਵਾਲੀ ਸਿੱਧੂ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣਗੇ ।
ਇਹ ਵੀ ਪੜ੍ਹੋ: ਅਖੀਰ ਮੰਨ ਹੀ ਗਏ ਕੈਪਟਨ! ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਲ ਹੋਣਗੇ ਮੁੱਖ ਮੰਤਰੀ
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਭੇਜੇ ਗਏ ਸੱਦੇ ’ਤੇ 55 ਵਿਧਾਇਕਾਂ ਨੇ ਹਸਤਾਖਰ ਕਰ ਕੇ ਮੁੱਖ ਮੰਤਰੀ ਨੂੰ ਨਵੀਂ ਟੀਮ ਨੂੰ ਆਸ਼ੀਰਵਾਦ ਦੇਣ ਦੀ ਬੇਨਤੀ ਕੀਤੀ ਸੀ। ਇਸ ਤੋਂ ਇਲਾਵਾ ਨਵਜੋਤ ਸਿੱਧੂ ਵੱਲੋਂ ਵੱਖਰੇ ਤੌਰ ’ਤੇ ਚਿੱਠੀ ਲਿਖ ਕੇ ਵੀ ਕੈਪਟਨ ਨੂੰ ਅਪੀਲ ਕੀਤੀ ਗਈ ਸੀ।
ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਉਨ੍ਹਾਂ ਦਾ ਕੋਈ ਨਿੱਜੀ ਏਜੰਡਾ ਨਹੀਂ ਹੈ, ਇਹ ਸਿਰਫ਼ ਇੱਕ ਜਨ-ਹਿਤੈਸ਼ੀ ਏਜੰਡਾ ਹੈ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਾ ਸਿਰਫ਼ ਇਹ ਸੱਦਾ ਕਬੂਲ ਕੀਤਾ ਗਿਆ, ਬਲਕਿ ਪੰਜਾਬ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੀਨੀਅਰ ਨੇਤਾਵਾਂ ਨੂੰ ਅੱਜ ਸਵੇਰੇ 10 ਵਜੇ ਪੰਜਾਬ ਭਵਨ ਵਿੱਚ ਚਾਹ ਦਾ ਸੱਦਾ ਵੀ ਦਿੱਤਾ ਹੈ।
ਦੱਸ ਦੇਈਏ ਕਿ ਚਾਹ ਤੋਂ ਬਾਅਦ ਸਾਰੇ ਨੇਤਾ ਇਕੈਹੇ ਹੋ ਕੇ ਪੰਜਾਬ ਕਾਂਗਰਸ ਭਵਨ ਵਿਖੇ ਪਹੁੰਚਣਗੇ, ਜਿੱਥੇ ਮੁੱਖ ਮੰਤਰੀ ਤੇ ਪੰਜਾਬ ਇੰਚਾਰਜ ਰਾਵਤ ਦੀ ਮੌਜੂਦਗੀ ਵਿੱਚ ਪੰਜਾਬ ਦੇ ਕਾਂਗਰਸ ਪ੍ਰਧਾਨ ਸਿੱਧੂ ਸਣੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਦੀ ਤਾਜਪੋਸ਼ੀ ਕੀਤੀ ਜਾਵੇਗੀ।
ਇਹ ਵੀ ਦੇਖੋ: ਪੰਜਾਬ ਦਾ ਸ਼ਖਸ ਰਾਜਸਥਾਨ ‘ਚ ਗ਼ੁਲਾਮ, 11 ਸਾਲਾਂ ਬਾਅਦ ਮਿਲਿਆ ਪਰਿਵਾਰ, ਦੇਖ ਕੇ ਭੁੱਬਾਂ ਮਾਰ ਰੋ ਪਿਆ