ਪੰਜਾਬ ਵਿੱਚ 6 ਲੇਨ ਐਕਸੈੱਸ-ਕੰਟ੍ਰੋਲਡ ਗ੍ਰੀਨਫੀਲਡ ਸਪਰ ਬਣੇਗਾ। ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸਦੀ ਲਾਗਤ 1,463.95 ਕਰੋੜ ਰੁਪਏ ਆਏਗੀ। ਇਹ ਸਪਰ ਨੈਸ਼ਨਲ ਹਾਈਵੇ 205A ਦੇ ਅੰਬਾਲਾ-ਚੰਡੀਗੜ੍ਹ ਸੈਕਸ਼ਨ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜੇਗਾ ਅਤੇ ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦਾ ਇੱਕ ਮੁੱਖ ਹਿੱਸਾ ਬਣੇਗਾ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਸੋਸ਼ਲ ਮੀਡੀਆ (X) ‘ਤੇ ਇਹ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਲਿਖਿਆ ਕਿ ਇਸ ਨਵੇਂ ਕੋਰੀਡੋਰ ਨਾਲ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਪ੍ਰਮੁੱਖ ਸ਼ਹਿਰੀ ਜੰਕਸ਼ਨਾਂ ‘ਤੇ ਲੱਗਣ ਵਾਲਾ ਜਾਮ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ। ਟ੍ਰੈਫਿਕ ਹੁਣ ਸ਼ਹਿਰਾਂ ਵਿਚੋਂ ਲੰਘਣ ਦੀ ਬਜਾਏ ਇਸ ਸਪਰ ਤੋਂ ਡਾਇਵਰਟ ਹੋ ਜਾਏਗਾ।

ਰਾਸ਼ਟਰੀ ਰਾਜਮਾਰਗ 44, ਰਾਸ਼ਟਰੀ ਰਾਜਮਾਰਗ 205A ਅਤੇ ਰਾਸ਼ਟਰੀ ਰਾਜਮਾਰਗ 152 ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਘੱਟ ਜਾਵੇਗੀ, ਜਿਸ ਨਾਲ ਰੋਜ਼ਾਨਾ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਇਹ ਪ੍ਰੋਜੈਕਟ ਪੰਜਾਬ ਅਤੇ ਹਿਮਾਚਲ ਪ੍ਰਦੇਸ਼, ਖਾਸ ਕਰਕੇ ਸ਼ਿਮਲਾ ਖੇਤਰ ਲਈ ਇੱਕ ਗੇਮ-ਚੇਂਜਰ ਹੋਵੇਗਾ। ਯਾਤਰਾ ਦਾ ਸਮਾਂ ਕਾਫ਼ੀ ਘੱਟ ਜਾਵੇਗਾ ਅਤੇ ਸਿੱਧੀ ਤੇ ਸਮੂਥ ਕਨੈਕਟੀਵਿਟੀ ਮਿਲੇਗੀ। ਸੈਰ-ਸਪਾਟਾ, ਵਪਾਰ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਇੱਕ ਨਵਾਂ ਹੁਲਾਰਾ ਮਿਲੇਗਾ।
ਇਸ ਪ੍ਰਾਜੈਕਟ ਦੀ ਪ੍ਰਵਾਨਗੀ ਮਿਲਣ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ, “ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਸੋਚ ਅਤੇ ਮਜ਼ਬੂਤ ਅਗਵਾਈ ਹੇਠ ਪੰਜਾਬ ਲਗਾਤਾਰ ਤਰੱਕੀ ਕਰ ਰਿਹਾ ਹੈ।”
ਇਹ ਵੀ ਪੜ੍ਹੋ : ਕਿਲ੍ਹਾ ਰਾਏਪੁਰ ਖੇਡਾਂ ਦੇ ਅਖੀਰਲੇ ਦਿਨ CM ਮਾਨ ਨੇ ਪਿੰਡ ਲਈ ਕਰ ਦਿੱਤੇ ਵੱਡੇ ਐਲਾਨ
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਆਵਾਜਾਈ ਘੱਟ ਜਾਵੇਗੀ। ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਆਸਾਨ ਅਤੇ ਤੇਜ਼ ਹੋਵੇਗੀ। ਸੜਕ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਪ੍ਰਦੂਸ਼ਣ ਘੱਟ ਹੋਵੇਗਾ। ਇਹ ਕਦਮ ਪੰਜਾਬ ਵਿੱਚ ਬਿਹਤਰ ਸੜਕੀ ਸਹੂਲਤਾਂ ਅਤੇ ਤੇਜ਼ ਵਿਕਾਸ ਵੱਲ ਇੱਕ ਵੱਡਾ ਕਦਮ ਹੈ।
ਵੀਡੀਓ ਲਈ ਕਲਿੱਕ ਕਰੋ -:
























